ਮਿਸ਼ਨ ਦੀ ਕੋਸ਼ਿਸ਼ ਰੰਗ ਲਿਆਈ ਪਾਰਕ ਦੀ ਹਾਲਤ ਸੁਧਰਨ ਲੱਗੀ : ਢੋਸੀਵਾਲ
— ਅੰਬੇਡਕਰ ਚੌਂਕ ਵੱਲ ਵੀ ਧਿਆਨ ਦਿੱਤਾ ਜਾਵੇ –
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ – ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਕੋਲ ਬਣੇ ਡਾ. ਅੰਬੇਡਕਰ ਪਾਰਕ ਲੰਮੇ ਸਮੇਂ ਤੋਂ ਦੁਰਦਸ਼ਾ ਦਾ ਸ਼ਿਕਾਰ ਸੀ। ਗਰਿਲਾਂ ਟੁੱਟ ਕੇ ਜ਼ਮੀਨ ’ਤੇ ਡਿੱਗੀਆਂ ਪਈਆਂ ਸਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਨੇ ਇਹ ਸਾਰਾ ਮਾਮਲਾ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਆਈ.ਏ.ਐਸ. ਦੇ ਧਿਆਨ ਵਿੱਚ ਲਿਆਂਦਾ। ਡੀ.ਸੀ. ਨੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹੀ ਜਿਲਾ ਪ੍ਰੋਗਰਾਮ ਅਫਸਰ (ਡੀ.ਪੀ.ਓ.) ਨੂੰ ਪਾਰਕ ਦੀ ਦਿੱਖ ਸੰਵਾਰਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਅਤੇ ਆਉਂਦੀ 14 ਅਪ੍ਰੈਲ ਤੋਂ ਪਹਿਲਾਂ ਪਾਰਕ ਨੂੰ ਸੁਧਾਰਨ ਦੇ ਹੁਕਮ ਜਾਰੀ ਕਰ ਦਿੱਤੇ। ਹੁਕਮਾਂ ਦੀ ਪਾਲਣਾ ਕਰਦੇ ਹੋਏ ਡੀ.ਪੀ.ਓ. ਵੱਲੋਂ ਪਾਰਕ ਵਿੱਚ ਲੱਗੇ ਡਾ. ਅੰਬੇਡਕਰ ਦੇ ਬੁੱਤ ਨੂੰ ਪਾਲਿਸ਼ ਕਰਨ, ਚਾਰ ਦੀਵਾਰੀ ਅਤੇ ਗਰਿੱਲਾਂ ਨੂੰ ਰੰਗ ਰੋਗਣ ਕਰਨ, ਟੁੱਟੀਆਂ ਗਰਿੱਲਾਂ ਨੂੰ ਮੁੜ ਤੋਂ ਲਾਉਣ ਅਤੇ ਘਾਹ ਫੂਸ ਦੀ ਸਫਾਈ ਦਾ ਕੰਮ ਜੋਰਾਂ ਸ਼ੋਰਾਂ ’ਤੇ ਸ਼ੁਰੂ ਕਰ ਦਿੱਤਾ। ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਪਾਰਕ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਨੇ ਸਾਬਕਾ ਡੀ.ਸੀ. ਸ੍ਰੀ ਸੂਦਨ ਦਾ ਧੰਨਵਾਦ ਕੀਤਾ। ਉਨਾਂ ਨੇ ਜਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ. ਤੋਂ ਮੰਗ ਕੀਤੀ ਹੈ ਕਿ ਸਥਾਨਕ ਮਲੋਟ ਰੋਡ ਸਥਿਤ ਮੇਨ ਬੱਸ ਸਟੈਂਡ ਦੇ ਸਾਹਮਣੇ ਢਹਿ ਢੇਰੀ ਹੋ ਚੁੱਕੇ ਡਾ. ਅੰਬੇਡਕਰ ਚੌਂਕ ਨੂੰ ਮੁੜ ਤੋਂ ਸਥਾਪਿਤ ਕਰਵਾਇਆ ਜਾਵੇ।
ਫੋਟੋ ਕੈਪਸ਼ਨ : ਅੰਬੇਡਕਰ ਪਾਰਕ ਵਿੱਚ ਚੱਲ ਰਿਹਾ ਰੰਗ ਰੋਗਨ ਦਾ ਕੰਮ।