ਨਰਮ੍ਹੇ ਦੀ ਫਸਲ ਨੂੰ ਕਾਮਯਾਬ ਬਣਾਉਣ ਲਈ ਖੇਤੀਬਾੜੀ ਵਿਭਾਗ ਵੱਲੋ ਅਹਿਮ ਮੀਟਿੰਗਾਂ
ਫਰੀਦਕੋਟ, 16 ਅਪ੍ਰੈਲ – ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ.ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਖਾਦ, ਬੀਜ ਅਤੇ ਕੀੜੇਮਾਰ ਜ਼ਹਿਰਾਂ ਵਿਕਰੇਤਾਵਾਂ ਦੀਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਮੀਟਿੰਗਾ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਦਾ ਮੁੱਖ ਉਦੇਸ਼ ਖੇਤੀ ਇੰਨਪੁਟਸ ਡੀਲਰਾਂ ਨੂੰ ਆਉਣ ਵਾਲੀ ਨਰਮ੍ਹੇਂ ਦੀ ਫਸਲ ਦੀ ਸੁਚੱਜੀ ਸਾਂਭ-ਸੰਭਾਲ ਅਤੇ ਕੀਟ ਪ੍ਰਬੰਧ ਜਿਸ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਖਾਸ ਤੌਰ ਤੇ ਜਾਣਕਾਰੀ ਦੇਣਾ ਸੀ।
ਇਸ ਮੌਕੇ ਮਾਹਿਰਾਂ ਵੱਲੋ ਖੇਤੀ ਇੰਨਪੁਟਸ ਡੀਲਰਾਂ ਨੂੰ ਸੁਚੇਤ ਕੀਤਾ ਗਿਆ ਕਿ ਉਹ ਕਿਸਾਨਾਂ ਨੂੰ ਕੇਵਲ ਮਿਆਰੀ ਖਾਦ, ਬੀਜ ਅਤੇ ਦਵਾਈਆਂ ਹੀ ਵਿਕਰੀ ਕਰਨ।
ਇਸ ਮੌਕੇ ਡਾ. ਸੁਰਜੀਤ ਸਿੰਘ, ਖੇਤੀਬਾੜੀ ਅਫਸਰ ਨੇ ਨਰਮੇ ਦੀ ਫਸਲ ਉਪਰ ਹੋਰ ਕੀੜੇ-ਮਕੌੜਿਆਂ ਤੋਂ ਇਲਾਵਾ ਗੁਲਾਬੀ ਸੁੰਡੀ ਦੀ ਰੋਕਥਾਮ ਦੀ ਜਾਣਕਾਰੀ ਦਿੰਦੇ ਕਿਹਾ ਕਿ ਨਰਮ੍ਹੇਂ ਦੀਆਂ ਪਿਛਲੀਆਂ ਪਏ ਛਟੀਆਂ ਦੇ ਢੇਰਾਂ ਨੂੰ ਤੁਰੰਤ ਨਸ਼ਟ ਕਰਨ ਦੀ ਲੋੜ ਹੈ ਅਤੇ ਆਉਣ ਵਾਲੀ ਨਰਮ੍ਹੇਂ ਦੀ ਫਸਲ ਉੱਪਰ ਬੇਲੋੜੀਆਂ ਜ਼ਹਿਰਾਂ ਦੀ ਵਰਤੋਂ ਨਾ ਕੀਤੀ ਜਾਵੇ। ਡਾ. ਸੁਭਕਰਨ ਸਿੰਘ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਨਰਮੇ ਦੀ ਫਸਲ ਦੀਆਂ ਸੁਧਰੀਆਂ ਕਿਸਮਾਂ, ਖਾਦਾਂ ਦੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ।
ਡਾ. ਰਣਬੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇੰਨ)ਅਤੇ ਡਾ. ਰੁਪਿੰਦਰ ਸਿੰਘ ਗਿੱਲ ਨੇ ਸਮੂਹ ਡੀਲਰਾਂ ਨੂੰ ਖਾਦ, ਕੀੜੇਮਾਰ ਜ਼ਹਿਰਾਂ ਅਤੇ ਬੀਜ ਦੇ ਐਕਟਾਂ ਦੀਆਂ ਵੱਖ-ਵੱਖ ਧਾਰਾਵਾਂ ਦੇ ਜਾਬਤੇ ਵਿੱਚ ਰਹਿ ਕੇ ਹੀ ਖੇਤੀ ਇੰਨਪੁਟਸ ਸੇਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡਾ. ਗਿੱਲ ਨੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਮਨਜੂਰਸ਼ੁਦਾ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀ ਹੀ ਸੇਲ ਕਰਨ। ਇਸ ਤੋ ਇਲਾਵਾ ਉਹਨਾਂ ਕਿਹਾ ਕਿ ਕਿਸੇ ਵੀ ਖਾਦ ਦੀ ਜਮ੍ਹਾਂਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਮ੍ਹਾਂਖੋਰੀ ਕਰਨ ਵਾਲੇ ਅਤੇ ਗੈਰ-ਮਿਆਰੀ ਖਾਦ, ਬੀਜ ਅਤੇ ਕੀੜੇਮਾਰ ਜ਼ਹਿਰਾਂ ਵੇਚਣ ਵਾਲੇ ਡੀਲਰਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਡਾ. ਰਾਮ ਸਿੰਘ, ਬਲਾਕ ਖੇਤੀਬਾੜੀ ਅਫਸਰ, ਫਰੀਦਕੋਟ ਅਤੇ ਡਾ. ਗੁਰਪ੍ਰੀਤ ਸਿੰਘ, ਬਲਾਕ ਅਫਸਰ, ਕੋਟਕਪੂਰਾ ਨੇ ਮੀਟਿੰਗ ਵਿੱਚ ਪਹੁੰਚਣ ਤੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਨਵਪ੍ਰੀਤ ਸਿੰਘ, ਡਾ. ਨਿਸ਼ਾਨ ਸਿੰਘ, ਡਾ. ਪ੍ਰਿੰਸਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਮੌਜੂਦ ਸਨ।