ਵਿਸ਼ਵ ਮਲੇਰੀਆ ਦਿਵਸ ਮੌਕੇ ਕਰਵਾਏ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ
ਸਿਹਤ ਵਿਭਾਗ ਫ਼ਰੀਦਕੋਟ ਨੇ ਮਲੇਰੀਏ ਸੰਬੰਧੀ ਜਾਣਕਾਰੀ ਵਧਾਉਣ ਲਈ ਕਰਵਾਏ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ
ਐੱਮ.ਐੱਲ.ਏ ਗੁਰਦਿੱਤ ਸੇਖੋਂ ਨੇ ਇਨ੍ਹਾਂ ਮੁਕਾਬਲਿਆਂ ਦੇ ਵਿਜੇਤਾ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਫ਼ਰੀਦਕੋਟ, ਅਪ੍ਰੈਲ 25 – (ਗੁਰਮੀਤ ਸਿੰਘ ਬਰਾੜ) ਆਮ ਆਦਮੀ ਪਾਰਟੀ (ਆਪ) ਆਗੂ ਅਤੇ ਫ਼ਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਵਿਸ਼ਵ ਮਲੇਰੀਆ ਦਿਵਸ ਮੌਕੇ ਫ਼ਰੀਦਕੋਟ ਸਿਹਤ ਵਿਭਾਗ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਤਹਿਤ ਡਾ. ਮੋਹਿੰਦਰ ਸਿੰਘ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਲੇਰੀਏ ਸੰਬੰਧੀ ਜਾਣਕਾਰੀ ਦੇਣ ਅਤੇ ਬਚਾਅ ਦੱਸਣ ਲਈ ਉਲੀਕੇ ਇਸ ਪ੍ਰੋਗਰਾਮ ਲਈ ਸਿਹਤ ਵਿਭਾਗ ਫਰੀਦਕੋਟ ਅਤੇ ਸਕੂਲ ਪ੍ਰਸ਼ਾਸ਼ਨ ਦੀ ਇਸ ਪਹਿਲ ਦੀ ਪ੍ਰਸ਼ੰਸ਼ਾ ਕੀਤੀ।
ਸ. ਗੁਰਦਿੱਤ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਵੀ ਇਸੇ ਗੱਲ ਦੇ ਜ਼ੋਰ ਦਿੱਤਾ ਕਿ ਮੱਛਰ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਸਭ ਤੋਂ ਅਹਿਮ ਹੈ ਆਸ ਪਾਸ ਦੀ ਸਾਫ਼ ਸਫਾਈ ਇਸ ਲਈ ਅਸੀਂ ਸਫ਼ਾਈ ਪ੍ਰਤੀ ਹੋਰ ਸੰਜੀਦਾ ਹੋਈਏ। 25 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ਮਲੇਰੀਆ ਦਿਵਸ ਵੱਜੋਂ ਮਨਾਇਆ ਜਾਂਦਾ ਹੈ ਅਤੇ ਭਾਰਤ ਸੰਘਣੀ ਵਸੋਂ ਦਾ ਇੱਕ ਵਿਕਾਸਸ਼ੀਲ ਸੂਬਾ ਹੋਣ ਕਰਕੇ ਇਥੇ ਇਸ ਦਿਨ ਲੋਕਾਂ ਨੂੰ ਮਲੇਰੀਏ ਦੀ ਰੋਕਥਾਮ ਪ੍ਰਤੀ ਜਾਗਰੂਕ ਕਰਨਾ ਹੋਰ ਵੀ ਅਹਿਮ ਹੋ ਜਾਂਦਾ ਹੈ।
ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਵਿਚਕਾਰ ਮਲੇਰੀਏ ਤੋਂ ਬਚਾਅ ਸੰਬੰਧੀ ਜਾਣਕਾਰੀ ਨੂੰ ਬੜਾਵਾ ਦੇਣ ਲਈ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ‘ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਸਨਮਾਨਿਤ ਕੀਤਾ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਾ. ਸੰਜੇ ਕਪੂਰ ਸਿਵਲ ਸਰਜਨ, ਡਾ. ਚੰਦਰ ਸ਼ੇਖਰ, ਡਾ. ਹਿਮਾਂਸ਼ੂ, ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਅਤੇ ਹੋਰ ਡਾਕਟਰ ਸਾਹਿਬਾਨ ਅਤੇ ਸਕੂਲ ਦਾ ਸਟਾਫ ਮੌਜੂਦ ਰਹੇ ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਮਲੇਰੀਏ ਨਾਲ ਜੁੜੀ ਬਹੁਮੁੱਲੀ ਜਾਣਕਾਰੀ ਵਿਦਿਆਰਥੀਆਂ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਬਚਾਅ ਦੇ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ।