ਦਫਤਰੀ ਅਮਲੇ ਦੇ ਨਜ਼ਾਰੇ ਦੋਸ਼ੀ ਨੂੰ ਬਚਾਉਣ ’ਚ ਲੱਗੇ ਸਾਰੇ : ਢੋਸੀਵਾਲ
— ਕੱਲ ਨੂੰ ਹੈ ਦੋਸ਼ੀ ਦੀ ਸੇਵਾ ਮੁਕਤੀ —
ਫਰੀਦਕੋਟ, 28 ਅਪ੍ਰੈਲ – ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨਾਂ ਦੀ ਸਰਕਾਰ ਸੂਬੇ ਵਿਚੋਂ ਭਿ੍ਰਸ਼ਟਾਚਾਰ ਅਤੇ ਬੇਨਿਯਮੀਆਂ ਨੂੰ ਜੜੋਂ ਖਤਮ ਕਰਨ ਦੇ ਦਾਅਵੇ ਕਰ ਰਹੇ ਹਨ। ਪਰੰਤੂ ਕੁਝ ਭਿ੍ਰਸ਼ਟ ਕਰਮਚਾਰੀ ਬੇਨਿਯਮੀਆਂ ਅਤੇ ਭਿ੍ਰਸ਼ਟਾਚਾਰ ਵਿਚ ਸ਼ਾਮਲ ਦੋਸ਼ੀਆਂ ਨੂੰ ਬਚਾਉਣ ਲਈ ਹਰ ਹਰਬਾ ਵਰਤ ਰਹੇ ਹਨ। ਜਿਸ ਦੀ ਜਿਊਂਦੀ ਜਾਗਦੀ ਉਦਾਹਰਣ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਦੀ ਅਮਲਾ ਸ਼ਾਖਾ ਦੇ ਦਫਤਰੀ ਅਮਲੇ ਤੋਂ ਸਪਸ਼ਟ ਮਿਲਦੀ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਦੱਸਿਆ ਹੈ ਕਿ ਸਥਾਨਕ ਯੂਕੋਨ (ਯੂਨੀਵਰਸਿਟੀ ਕਾਲਿਜ ਆਫ ਨਰਸਿੰਗ) ਦੇ ਐਸ.ਐਨ.ਏ. ਫੰਡ ਗਬਨ ਕਾਂਡ ਦਾ ਮਾਮਲਾ ਉਨਾਂ ਦੀ ਸੰਸਥਾ ਵੱਲੋਂ ਯੂਨੀਵਰਸਿਟੀ ਦੇ ਧਿਆਨ ਵਿੱਚ ਲਿਆਂਦਾ ਸੀ। ਯੂਨੀਵਰਸਿਟੀ ਦੀ ਉਸ ਵੇਲੇ ਦੀ ਰਜਿਸਟਰਾਰ ਅਤੇ ਮੌਜੂਦਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ. ਵੱਲੋਂ ਕੀਤੀ ਪੜਤਾਲ ਦੇ ਨਤੀਜੇ ਵਜੋਂ ਯੂਕੋਨ ਦੀ ਮੌਜੂਦਾ ਆਫੀਸ਼ੀਏਟਿੰਗ ਪਿ੍ਰੰਸੀਪਲ ਭੂਪਿੰਦਰ ਕੌਰ, ਉਸ ਵੇਲੇ ਦੇ ਪਿ੍ਰੰਸੀਪਲ ਪ੍ਰੋ. ਐਚ.ਸੀ.ਐਲ. ਰਾਵਤ ਅਤੇ ਐਸ.ਐਨ.ਏ. ਅਡਵਾਈਜਰ ਕੁਲਦੀਪ ਸੋਨੀ ਡੈਮੋ ਨੂੰ ਦੋਸ਼ੀ ਪਾਇਆ ਗਿਆ। ਪਿ੍ਰੰਸੀਪਲ ਰਾਵਤ ਨੂੰ ਤਾਂ ਸਰਕਾਰੀ ਸੇਵਾ ਤੋਂ ਰਿਮੂਵ ਕਰ ਦਿੱਤਾ ਗਿਆ, ਸੋਨੀ ਦੀ ਪ੍ਰਮੋਸ਼ਨ ਬੈਨ ਕਰ ਦਿੱਤੀ ਗਈ। ਪਰੰਤੂ ਸਾਰੇ ਗਬਨ ਕਾਂਡ ਦੀ ਮਾਸਟਰ ਮਾਈਂਡ ਪ੍ਰੋ. ਭੂਪਿੰਦਰ ਕੌਰ ਵਿਰੁੱਧ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਕੱਲ 30 ਅਪ੍ਰੈਲ 2022 ਨੂੰ ਉਸ ਨੇ ਰਿਟਾਇਰ ਹੋ ਜਾਣਾ ਹੈ। ਪ੍ਰਧਾਨ ਢੋਸੀਵਾਲ ਨੇ ਸ਼ੰਕਾ ਜਾਹਿਰ ਕੀਤੀ ਹੈ ਕਿ ਦਫਤਰੀ ਅਮਲੇ ਦੀ ਮਿਲੀ ਭੁਗਤ ਅਤੇ ਦੋਸ਼ੀ ਪ੍ਰੋ. ਭੂਪਿੰਦਰ ਕੌਰ ਨੂੰ ਬਚਾਉਣ ਲਈ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਢੋਸੀਵਾਲ ਨੇ ਵਾਈਸ ਚਾਂਸਲਰ ਤੇ ਰਜਿਸਟਰਾਰ ਤੋਂ ਮੰਗ ਕੀਤੀ ਹੈ ਕਿ ਗਬਨ ਕਾਂਡ ਵਿਚ ਸ਼ਾਮਲ ਕਸੂਰਵਾਰ ਸਾਬਤ ਹੋ ਚੁੱਕੀ ਪ੍ਰੋ. ਭੂਪਿੰਦਰ ਕੌਰ ਵਿਰੁੱਧ ਉਸ ਦੀ ਸੇਵਾ ਮੁਕਤੀ ਤੋਂ ਪਹਿਲਾਂ ਤੁਰੰਤ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਮਾਮਲੇ ਵਿੱਚ ਜਾਣ ਬੁੱਝ ਕੇ ਦੇਰੀ ਕਰਨ ਵਾਲੇ ਦਫਤਰੀ ਅਮਲੇ ਦੇ ਸਬੰਧਤ ਜਿੰਮੇਵਾਰ ਕਰਮਚਾਰੀਆਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।