ਰਸੋਈ ਗੈਸ ਸਿਲੰਡਰ ਨੂੰ ਲੱਗੀ ਅੱਗ, ਰੇਟ ਪੰਜਾਹ ਰੁਪਏ ਵਧਿਆ : ਢੋਸੀਵਾਲ
— ਸਰਕਾਰ ਜੀ ਮਹਿੰਗਾਈ ਰੋਕੋ –
ਸ੍ਰੀ ਮੁਕਤਸਰ ਸਾਹਿਬ, 7 ਮਈ – ਪਹਿਲਾਂ ਹੀ ਮਹਿੰਗਾਈ ਨਾਲ ਨੁੱਚੜ ਚੁੱਕੇ ਆਮ ਆਦਮੀ ਦਾ ਹੋਰ ਕਚੂਮਰ ਕੱਢ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਪੰਜਾਹ ਰੁਪਏ ਵਧਾ ਦਿੱਤੀ ਗਈ ਹੈ। ਹੁਣ ਇਸ ਦੀ ਕੀਮਤ ਕਰੀਬ ਇੱਕ ਹਜ਼ਾਰ ਰੁਪਏ ਹੋ ਗਈ ਹੈ। ਪੈਟਰੋਲ, ਡੀਜ਼ਲ ਤੇ ਗੈਸ, ਤੇਲ, ਘਿਓ ਦਾਲਾਂ, ਫਲ, ਸਬਜ਼ੀ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਵਸਤਾਂ ਮਹਿੰਗੀਆਂ ਹੋਣ ਕਾਰਨ ਆਮ ਆਦਮੀ ਦੇ ਵੱਸ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਦੇਸ਼ ਵਿੱਚ ਦਿਨੋਂ ਦਿਨ ਵਧ ਰਹੀ ਮਹਿੰਗਾਈ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਮਹਿੰਗਾਈ ਕਾਰਨ ਘਰੇਲੂ ਬੱਜਟ ਬੁਰੀ ਤਰਾਂ ਗੜਬੜਾ ਗਿਆ ਹੈ। ਘਰੇਲੂ ਸਵਾਣੀਆਂ ਇਸ ਮਹਿੰਗਾਈ ਤੋਂ ਬੇਹੱਦ ਦੁਖੀ ਹਨ। ਸਰਕਾਰ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਨੂੰ ਖ਼ੁਸ਼ ਕਰਨ ਲਈ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਰੋਕਣ ਲਈ ਕੋਈ ਯਤਨ ਨਹੀਂ ਕਰ ਰਹੀ। ਮਹਿੰਗਾਈ ਕਾਰਨ ਲੋਕਾਂ ਦਾ ਨੱਕ ਵਿੱਚ ਦਮ ਆ ਗਿਆ ਹੈ। ਪ੍ਰਧਾਨ ਢੋਸੀਵਾਲ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਦਾ ਜਿਊਣਾ ਆਸਾਨ ਹੋ ਸਕੇ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।