ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਮਾਂ-ਦਿਵਸ ਮੌਕੇ ਕਰਵਾਇਆ ਖੂਬਸੂਰਤ ਸਮਾਗਮ।
ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਮਾਂ-ਦਿਵਸ ਮੌਕੇ ਇੱਕ ਬਹੁਤ ਹੀ ਖ਼ੂਬਸੂਰਤ ਸਮਾਗਮ ਕਰਵਾਇਆ ਗਿਆ । ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਅਗਵਾਈ ਹੇਠ ਅਲੱਗ- ਅਲੱਗ ਜਮਾਤਾਂ ਦੇ ਬੱਚਿਆਂ ਨੇ ਸ਼ਾਨਦਾਰ ਪੇਸ਼ਕਾਰੀਆਂ ਨਾਲ ਖੂਬ ਰੌਣਕਾਂ ਲਾਈਆਂ । ਇਨ੍ਹਾਂ ਪੇਸ਼ਕਾਰੀਆਂ ਦੌਰਾਨ ਬੱਚਿਆਂ ਨੇ ‘ਆਈ ਲਵ ਮਾਈ ਮਦਰ’ ਗੀਤ ਉੱਪਰ ਖੂਬਸੂਰਤ ਡਾਂਸ ਪੇਸ਼ ਕੀਤਾ । ਕੁਝ ਜਮਾਤਾਂ ਦੇ ਵਿਦਿਆਰਥੀਆਂ ਨੇ ਕਾਰਡ ਮੇਕਿੰਗ ਮੁਕਾਬਲੇ ਵਿਚ ਵੀ ਹਿੱਸਾ ਲਿਆ ਅਤੇ ਬਹੁਤ ਹੀ ਸੁੰਦਰ ਕਾਰਡ ਬਣਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ । ਵਿਦਿਆਰਥੀ ਜੁਝਾਰ ਸਿੰਘ ਨੇ ਮਾਂ ਨੂੰ ਸਿਜਦਾ ਕਰਦਿਆਂ ਇੱਕ ਕਵਿਤਾ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ । ਉਪਰੰਤ ਬੱਚਿਆਂ ਨੇ ਸਮਾਜ ਵਿਚਲੇ ਵੱਖ-ਵੱਖ ਰਿਸ਼ਤਿਆਂ ਨੂੰ ਦਰਸਾਉਣ ਲਈ ਇੱਕ ਸੁੰਦਰ ਫੈਂਸੀ ਡਰੈੱਸ ਮੁਕਾਬਲੇ ਵਿੱਚ ਵੀ ਹਿੱਸਾ ਲਿਆ । ਸਮਾਗਮ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਬੱਚਿਆਂ ਨੇ ਆਪਣੀਆਂ ਮਾਵਾਂ ਪ੍ਰਤੀ ਅਕੀਦਤ ਪੇਸ਼ ਕੀਤੀ ।
ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਸਮੂਹ ਹਾਜ਼ਰੀਨ ਨੂੰ ਮਾਂ-ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਮਾਂ ਇੱਕ ਅਜਿਹਾ ਸ਼ਬਦ ਹੈ, ਜਿਸ ਦੀ ਪਰਿਭਾਸ਼ਾ ਲਈ ਸ਼ਬਦਾਂ ਦੀ ਘਾਟ ਹੋ ਜਾਂਦੀ ਹੈ । ਮਾਂ ਅਸਲ ਵਿੱਚ ਰੱਬ ਦਾ ਹੀ ਦੂਜਾ ਰੂਪ ਹੈ । ਇਹ ਖੁਦ ਦੁੱਖ ਸਹਿ ਕੇ ਬੱਚੇ ਨੂੰ ਠੰਢੀਆਂ ਛਾਵਾਂ ਅਤੇ ਸੌ-ਸੌ ਦੁਆਵਾਂ ਦਿੰਦੀ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ । ਇਸ ਮੌਕੇ ਸਕੂਲ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਸਮੂਹ ਹਾਜ਼ਰੀਨ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਸ਼ਾਬਾਸ਼ੀ ਦਿੱਤੀ।