ਥੈਲਾਸੇਮੀਆ( ਖੂਨ ਨਾ ਬਣਨਾ) ਇਕ ਜਮਾਂਦਰੂ ਬਿਮਾਰੀ ਹੈ :- ਡਾ ਬੌਬੀ ਗੁਲਾਟੀ
ਥੈਲਾਸੀਮੀਆ ਰੋਗ ਬਾਰੇ ਜਾਗਰੂਕਤਾ ਹੀ ਬਚਾਅ ਹੈ :- ਡਾ ਸੰਜੇ ਕਪੂਰ
ਵਿਸ਼ਵ ਥੈਲਾਸੀਮੀਆ ਦਿਹਾੜਾ ਮਨਾਇਆ
ਫ਼ਰੀਦਕੋਟ,9 ਮਈ – ਅੱਜ ਸਿਹਤ ਵਿਭਾਗ ਫ਼ਰੀਦਕੋਟ ਵਲੋਂ ਸਿਵਲ ਸਰਜਨ ਡਾ ਸੰਜੇ ਕਪੂਰ ਦੀ ਅਗਵਾਈ ਹੇਠ ਵਿਸ਼ਵ ਥੈਲਾਸੀਮੀਆ ਦਿਹਾੜੇ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ ਬੌਬੀ ਗੁਲਾਟੀ ਖਾਸ ਤੌਰ ਤੇ ਸ਼ਾਮਲ ਹੋਏ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਸੰਜੇ ਕਪੂਰ ਨੇ ਕਿਹਾ ਕਿ ਥੈਲਾਸੀਮੀਆ (ਖੂਨ ਨਾ ਬਣਨਾ) ਇੱਕ ਜਮਾਂਦਰੂ ਬੀਮਾਰੀ ਹੈ, ਜਿਸ ਤੋਂ ਸਿਰਫ ਜਾਗਰੂਕਤਾ ਰਾਹੀਂ ਹੀ ਬਚਿਆ ਜਾ ਸਕਦਾ ਹੈ । ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ ਅਣਜਾਣੇ ਵਿਚ ਇਕ ਨੰਨੀ ਜਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਲੋੜ ਹੈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ। ਜਿਲ੍ਹਾ ਫ਼ਰੀਦਕੋਟ ਅੰਦਰ ਸਾਰੇ ਸਿਹਤ ਕੇਂਦਰਾਂ ਬਲੱਡ ਸੈਲ ਕਾਊਂਟ ਟੈਸਟ ਕੀਤਾ ਜਾਂਦਾ ਹੈ।
ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ ਬੌਬੀ ਗੁਲਾਟੀ ਨੇ ਦਸਿਆ ਕਿ ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਹਰ ਦਸ ਜਾਂ ਪੰਦਰਾਂ ਦਿਨਾਂ ਬਾਅਦ ਹਸਪਤਾਲ ਜਾਣਾ, ਖੁਨ ਚੜਾਉਣਾ ਕਿਸੇ ਵੀ ਬੱਚੇ,ਉਸਦੇ ਮਾਤਾ ਪਿਤਾ ਤੇ ਸਮੂਹ ਪਰਿਵਾਰ ਲਈ ਇਕ ਦੁਖਦਾਈ ਸੰਤਾਪ ਹੁੰਦਾ ਹੈ।ਨੌਜਵਾਨ ਵਰਗ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਹੋਣ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਕ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਥੈਲਾਸੀਮੀਕ ਮਾਇਨਰ ਕੋਈ ਵੀ ਹੋ ਸਕਦਾ ਹੈ।ਜਦੋਂ ਦੋ ਥੈਲੇਸੀਮੀਕ ਮਾਇਨਰ ਦਾ ਵਿਆਹ ਹੁੰਦਾ ਹੈ ਤਾਂ ਉਹਨਾਂ ਦਾ ਪੈਦਾ ਹੋਣ ਵਾਲਾ ਬੱਚਾ ਥੈਲੇਸੀਮੀਕ ਮੇਜਰ ਹੋਵੇਗਾ।ਇਸ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਥੈਲਾਸੀਮੀਕ ਮੇਜਰ ਦਾ ਇੱਕੋ ਇਕ ਇਲਾਜ ਹੈ “ ਬੋਨ ਮੈਰੋ ਟਰਾਂਸਪਲਾਂਟੇਸ਼ਨ ” ਹੈ ਜਿਸ ਦੀ ਲਾਗਤ ਬਹੁਤ ਜਿਆਦਾ ਹੂੰਦੀ ਹੈ।ਸਭ ਤੋਂ ਜਰੂਰੀ ਤੁਹਾਡਾ ਬੋਨ ਮੈਰੋ ਮਿਲਣਾ ਹੂੰਦਾ ਹੈ। ਜੋ ਕਿ ਆਮ ਤੌਰ ਤੇ ਬਹੁਤ ਘੱਟ ਮਿਲਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਪਰਕਾਸ਼ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਥੈਲੇਸੇਮੀਆ ਆਮ ਤੋਂ ਤੁਹਾਡੇ ਸ਼ਰੀਰ ਵਿਚ ਘੱਟ ਹੀਮੋਗਲਿਬਨ ਤੇ ਘੱਟ ਲਾਲ ਕੋਸ਼ਿਕਾਵਾਂ ਦੀ ਵਿਸ਼ੇਸ਼ਤਾਵਾਂ ਜੋ ਤੁਹਾਨੂੰ ਜਮਾਂਦਰੂ ਰੂਪ ਵਿਚ ਮਿਲਿਆ ਖੂਨ ਦਾ ਵਹਾਅ ਹੈ ਜਿਸ ਨੂੰ ਥੈਲੇਸੇਮਿਆ ਕਿਹਾ ਜਾਂਦਾ ਹੈ । ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ। ਇਸ ਬਿਮਾਰੀ ਤੋੰ ਪੀੜਤ ਬੱਚਿਆਂ ਵਿਚ ਖੂਨ ਬਣਨ ਦੀ ਕੁਦਰਤੀ ਪ੍ਰਕਿਰਿਆ ਬਹੁਤ ਘੱਟ ਜਾਂਦੀ ਹੈ , ਸਰੀਰ ਵਿਚ ਖੂਨ ਦੀ ਕਮੀ ਕਾਰਨ ਕਮਜੋਰੀ , ਤੇ ਹੋਰ ਬਿਮਾਰੀਆ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਰੋਗੀ ਨੂੰ ਵਾਰ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ । ਗਲੋਬੀਨ ਨਿਰਮਾਣ ਦੀ ਪ੍ਰਕਿਰਿਆ ਵਿਚ ਖਰਾਬੀ ਕਾਰਨ ਲਾਲ ਖੂਨ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆ ਹਨ। ਖੂਨ ਦੀ ਬਹੁਤ ਜਿਆਦਾ ਕਮੀ ਕਾਰਨ ਪੀੜਤ ਨੂੰ ਵਾਰ ਵਾਰ ਖੂਨ ਚੜਾਉਣਾ ਪੈਂਦਾ ਹੈ। ਵਾਰ ਵਾਰ ਖੂਨ ਚੜਾਉਣ ਨਾਲ ਰੋਗੀ ਦੇ ਸਰੀਰ ਵਿਚ ਲੋਹ ਤੱਤਾਂ ਦੀ ਬਹੁਤਾਤ ਹੋ ਜਾਂਦੀ ਹੈ ਜੋ ਕਿ ਦਿਲ , ਲੀਵਰ ਤੇ ਫੇਫੜਿਆਂ ਵਿਚ ਪਹੁੰਚ ਕੇ ਬਹੁਤ ਨੁਕਸਾਨ ਕਰਦਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਥੈਲੇਸੇਮੀਆ ਦੋ ਤਰਾਂ ਦਾ ਹੁੰਦਾ ਹੈ।ਮੇਜਰ ਥੈਲੇਸੇਮੀਆ ਜਿੰਨਾ ਬੱਚਿਆ ਦੇ ਮਾਤਾ ਪਿਤਾ ਦੋਵਾਂ ਵਿਚ ਥੈਲੇਸੇਮੀਆ ਜੀਵਾਣੂ ਹੁੰਦਾ ਹੈ ।ਉਹਨਾਂ ਦੇ ਬੱਚੇ ਮੇਜਰ ਥੈਲੇਸੇਮਿਕ ਹੁੰਦੇ ਹਨ। ਜੋ ਕਿ ਬਹੁਤ ਭਿਆਨਕ ਰੋਗ ਹੈ । ਇਸ ਰੋਗ ਕਾਰਨ ਰੋਗੀ ਵਿਚ ਖੂਨ ਨਹੀਂ ਬਣਦਾ। ਇਸ ਵਿਚ ਹਰ 10 ਜਾਂ 15 ਦਿਨ ਬਾਅਦ ਰੋਗੀ ਨੂੰ ਖੂਨ ਚੜਾਉਣਾ ਪੈਂਦਾ ਹੈ। ਜੋ ਕਿ ਇਕ ਬਹੁਤ ਦਰਦਨਾਕ ਤੇ ਗੰਭੀਰ ਕ੍ਰਿਆ ਹੈ।
ਮਾਇਨਰ ਥੈਲੇਸੇਮੀਆ ਉਹਨਾਂ ਬੱਚਿਆ ਨੂੰ ਹੁੰਦਾ ਹੈ ਜਿੰਨਾ ਦੇ ਮਾਤਾ ਪਿਤਾ ਵਿਚੋ ਕਿਸੇ ਇਕ ਵਿਚ ਥੈਲੇਸੇਮੀਆ ਦੇ ਜੀਵਾਣੂ ਹੋਣ। ਇਸ ਬਿਮਾਰੀ ਦੇ ਲੱਛਣ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਸ਼ੁਰੂ ਵਿਚ ਬੱਚਾ ਆਮ ਵਿਖਾਈ ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਅੱਗੇ ਚੱਲਕੇ ਬੱਚਾ ਕਮਜੋਰ ਹੋ ਜਾਂਦਾ ਹੈ ਸਰੀਰ ਹਲਕਾ ਹੋ ਜਾਂਦਾ ਹੈ ਦਿਲ ਦੀ ਧੜਕਨ ਵੱਧ ਜਾਂਦੀ ਹੈ ਬੱਚਾ ਖੇਡ ਕੁੱਦ ਵਿਚ ਭਾਗ ਨਹੀ ਲੈ ਸਕਦਾ ਇਸੇ ਸਮੇਂ ਦੌਰਾਨ ਬੱਚੇ ਦੇ ਗਲੇ ਅਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਬੱਚਾ ਲਗਾਤਾਰ ਬਿਮਾਰ ਰਹਿਣ ਲੱਗ ਜਾਂਦਾ ਹੈ ਭਾਰ ਨਹੀ ਵੱਧਦਾ । ਜਿਵੇਂ ਥਕਾਵਟ, ਕਮਜ਼ੋਰੀ, ਪੀਲਾ ਪੇਸ਼ੀ, ਚਮੜੀ ਦੀ ਯੈਲੋ (ਪੀਲੀਆ),ਚਿਹਰੇ ਦੇ ਹੱਡੀ ਰੋਗ,ਹੌਲੀ ਵਿਕਾਸ ਦਰ ਆਦਿ।
ਸਿਵਲ ਸਰਜਨ ਡਾ ਸੰਜੇ ਕਪੂਰ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਨੂੰ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਮੁਫਤ ਇਲਾਜ ਲਈ ਪੀ.ਜੀ.ਆਈ. ਚੰਡੀਗੜ ਤੇ ਪੰਜਾਬ ਰਾਜ ਦੀਆਂ ਪੰਜ ਥੈਲਾਸੀਮੀਕ ਸੋਸਾਇਟੀਆਂ (ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, , ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਵਿਖੇ ਮਾਤਾ ਪਿਤਾ ਦੀ ਸਹੂਲਤ ਮੁਤਾਬਿਕ ਭੇਜਿਆ ਜਾਂਦਾ ਹੈ।
ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ, ਆਂਗਣਵਾੜੀ ਸੈਂਟਰਾਂ ‘ਚ ਦਰਜ ਬੱਚੇ ,ਪੰਜਾਬ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ਤਕ ਦੇ ਬੱਚੇ ਮੁਫਤ ਇਲਾਜ ਦੇ ਹੱਕਦਾਰ ਹਨ।
ਇਸ ਮੌਕੇ ਡਾ ਮਨਜੀਤ ਕ੍ਰਿਸ਼ਨ ਭੱਲਾ, ਡਾ ਰੁਪਿੰਦਰ ਕੌਰ, ਡਾ ਪੂਨਮ ਪ੍ਰੀਤ, ਡਾ ਲੱਛਮੀ, ਡਾ ਵਿਕਰਮਜੀਤ ਸਿੰਘ, ਡਾ ਪਰਵਿੰਦਰ ਪਾਲ ਕੌਰ ਅਤੇ ਬਲਤੇਜ ਸਿੰਘ ਵੀ ਹਾਜ਼ਰ ਸਨ।