ਬਾਬਾ ਫ਼ਰੀਦ ਪਬਲਿਕ ਸਕੂਲ ਵੱਲੋਂ ਖਿਡਾਰੀ ਗੁਰਲੀਨ ਸਿੰਘ ਦੇ ਇੰਡੀਆ ਸ਼ੂਟਿੰਗ ਟੀਮ ‘ਚ ਚੁਣੇ ਜਾਣ ਤੇ 26000 ਦੀ ਨਗਦ ਰਾਸ਼ੀ ਨਾਲ ਕੀਤਾ ਸਨਮਾਨਿਤ।
ਫ਼ਰੀਦਕੋਟ ਸਮੇਤ ਸਮੁੱਚੇ ਪੰਜਾਬ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਨਾਮਵਰ ਸਕੂਲਾਂ ਵਿੱਚੋਂ ਇੱਕ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ਸ਼ੂਟਿੰਗ ਦੇ ਖਿਡਾਰੀ ਦੀ ਇੰਡੀਆ ਸ਼ੂਟਿੰਗ ਟੀਮ ਵਿੱਚ ਸਿਲੈਕਸ਼ਨ ਹੋਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ 17 ਅਪ੍ਰੈਲ ਤੋਂ 25 ਅਪ੍ਰੈਲ ਤੱਕ ਦਿੱਲੀ ਦੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਹੋਏ ਰਾਸ਼ਟਰੀ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਖਿਡਾਰੀ ਗੁਰਲੀਨ ਸਿੰਘ ਨੇ 600 ਵਿੱਚੋਂ 560 ਅੰਕ ਪ੍ਰਾਪਤ ਕਰਕੇ ਇੰਡੀਆ ਦੀ ਟੀਮ ਵਿੱਚ ਆਪਣਾ ਸਥਾਨ ਪੱਕਾ ਕੀਤਾ ਹੈ ।ਇਸ ਤੋਂ ਬਾਅਦ ਉਹ ਹੁਣ ਇਸ ਟੀਮ ਨਾਲ ਇੰਟਰਨੈਸ਼ਨਲ ਪੱਧਰ ‘ਤੇ ਦੂਜੇ ਦੇਸ਼ਾਂ ਨਾਲ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ ਅਤੇ ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਨੁਮਾਇੰਦਗੀ ਕਰੇਗਾ । ਉਨ੍ਹਾਂ ਕਿਹਾ ਕਿ 10 ਮੀਟਰ ਏਅਰ ਪਿਸਟਲ ਈਵੈਂਟ ਸ਼ੂਟਿੰਗ ਵਿੱਚ ਇਹ ਉਪਲੱਬਧੀ ਹਾਸਲ ਕਰਨ ਵਾਲਾ ਗੁਰਲੀਨ ਸਿੰਘ ਇਸ ਇਲਾਕੇ ਦਾ ਇੱਕੋ-ਇੱਕ ਖਿਡਾਰੀ ਹੈ । ਇਸ ਖਿਡਾਰੀ ਨੇ ਜ਼ਿਲ੍ਹਾ ਪੱਧਰ ਤੇ 15, ਸਟੇਟ ਪੱਧਰ ‘ਤੇ 6 ਅਤੇ ਨੈਸ਼ਨਲ ਪੱਧਰ ‘ਤੇ ਵੀ ਮੈਡਲ ਜਿੱਤ ਕੇ ਪਹਿਲਾਂ ਵੀ ਸਕੂਲ ਅਤੇ ਸਮੁੱਚੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ । ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਨੇ ਇਸ ਖਿਡਾਰੀ ਅਤੇ ਉਸਦੇ ਮਾਤਾ-ਪਿਤਾ ਨੂੰ ਮੁਬਾਰਕ ਅਤੇ ਅਸ਼ੀਰਵਾਦ ਦਿੰਦਿਆਂ ਹੋਇਆਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਨੇ ਅਕਾਦਮਿਕ, ਸਹਿ-ਅਕਾਦਮਿਕ, ਖੇਡਾਂ ਅਤੇ ਸੱਭਿਆਚਾਰ ਆਦਿ ਖੇਤਰਾਂ ਵਿੱਚ ਹਮੇਸ਼ਾ ਹੀ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ । ਇਸ ਸਕੂਲ ਦੇ ਵਿਦਿਆਰਥੀ ਦੁਆਰਾ ਦਸਵੀਂ ਜਮਾਤ ਵਿੱਚੋਂ ਪ੍ਰਾਪਤ 99.2 ਅੰਕਾਂ ਦੇ ਰਿਕਾਰਡ ਨੂੰ ਅੱਜ ਤੱਕ ਕੋਈ ਵਿਦਿਆਰਥੀ ਨਹੀਂ ਤੋੜ ਸਕਿਆ ਹੈ । ਉਨ੍ਹਾਂ ਇਸ ਮੌਕੇ ਇਸ ਖਿਡਾਰੀ ਨੂੰ 26 ਹਜ਼ਾਰ ਦੇ ਚੈੱਕ ਅਤੇ ਇੱਕ ਟਰਾਫੀ ਨਾਲ ਸਨਮਾਨਿਤ ਕੀਤਾ ਤੇ ਨਾਲ ਹੀ ਬਾਬਾ ਫਰੀਦ ਜੀ ਅੱਗੇ ਦੁਆ ਕੀਤੀ ਕਿ ਉਹ ਇੰਡੀਆਂ ਟੀਮ ਵਿੱਚ ਵੀ ਜਿੱਤ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦੇ ਨਾਂ ਨੂੰ ਚਾਰ ਚੰਨ ਲਾਵੇ। ਇਸ ਮੌਕੇ ਮੌਜੂਦ ਗੁਰਲੀਨ ਸਿੰਘ ਦੇ ਪਿਤਾ ਨੇ ਵੀ ਸਕੂਲ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ, ਪ੍ਰਿੰਸੀਪਲ ਮਿਸਿਜ ਕੁਲਦੀਪ ਕੋਰ ਅਤੇ ਅਧਿਆਪਕਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੋਲਤ ਅੱਜ ਗੁਰਲੀਨ ਇਸ ਮੁਕਾਮ ਤੇ ਪਹੁੰਚ ਪਾਇਆ ਹੈ। ਉਨ੍ਹਾਂ ਬਾਬਾ ਫ਼ਰੀਦ ਜੀ ਅੱਗੇ ਅਰਦਾਸ ਕੀਤੀ ਕਿ ਉਹ ਇਸੇ ਤਰ੍ਹਾਂ ਹੀ ਇਸ ਸਕੂਲ ਅਤੇ ਇਸਦੇ ਵਿਦਿਆਰਥੀਆਂ ‘ਤੇ ਮਿਹਰ ਭਰਿਆ ਹੱਥ ਰੱਖਣ ।