ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ ਨੇ 25 ਜੁਲਾਈ ਲਈ ਕੀਤਾ ਤਲਬ
ਫਰੀਦਕੋਟ, 26 ਮਈ – ( ਪੰਜਾਬ ਡਾਇਰੀ ) ਸਮੁੱਚੇ ਮਾਲਵਾ ਖੇਤਰ ਅਤੇ ਗੁਆਂਢੀ ਰਾਜਾਂ ਹਰਿਆਣੇ ਤੇ ਰਾਜਸਥਾਨ ਤੋਂ ਆਉਣ ਵਾਲੇ ਮਰੀਜਾਂ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਸੁਧਾਰ ਲਈ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ ਦਾ ਦਰਵਾਜਾ ਖੜਕਾਇਆ ਤਾਂ ਸੁਸਾਇਟੀ ਵੱਲੋਂ ਪ੍ਰਸਿੱਧ ਵਕੀਲ ਐੱਚ.ਸੀ. ਅਰੋੜਾ ਰਾਹੀਂ ਸਾਰਾ ਮਾਮਲਾ ਕਮਿਸ਼ਨ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਸੁੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਮੁਤਾਬਿਕ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਨੂੰ 25 ਜੁਲਾਈ ਲਈ ਨੋਟਿਸ ਜਾਰੀ ਕੀਤਾ ਹੈ, ਜਿਸ ਦੀਆਂ ਕਾਪੀਆਂ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ ਨੂੰ ਵੀ ਭੇਜੀਆਂ ਗਈਆਂ ਹਨ। ਸੁਸਾਇਟੀ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਬੁਨਿਆਦੀ ਢਾਂਚੇ ਦੀ ਘਾਟ ਹੈ, ਵੱਖ-ਵੱਖ ਵਿਭਾਗਾਂ ’ਚ ਮਸ਼ੀਨਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਅਤੇ ਉਹ ਅਕਸਰ ਵਰਤੋਂ ਤੋਂ ਬਾਹਰ ਰਹਿੰਦੀਆਂ ਹਨ। ਉਹਨਾਂ ਨੇ ਕੋਬਾਲਟ 60 ਮਸ਼ੀਨ (ਕੈਂਸਰ ਵਿਭਾਗ ਵਿੱਚ) ਦਾ ਹਵਾਲਾ ਦਿੱਤਾ ਹੈ। ਐੱਮਆਰਆਈ ਮਸ਼ੀਨ (ਰੇਡੀਓਲੋਜੀ ਵਿਭਾਗ ’ਚ) ਪੀਈਟੀ-ਸੀਟੀ ਸਕੈਨ ਮਸ਼ੀਨ (ਨਿਊਕਲੀਅਰ ਮੈਡੀਸਨ ਵਿਭਾਗ ’ਚ) ਮਸ਼ੀਨ (ਆਪ੍ਰੇਸ਼ਨ ਥੀਏਟਰ ਵਿੱਚ) ਸੀ-ਏਆਰਐੱਮ ਅਤੇ ਹੋਲਟਰ ਮਸ਼ੀਨ (ਮੈਡੀਸਨ ਵਿਭਾਗ ਆਦਿ ਵਿੱਚ) ਉਹਨਾਂ ਨੇ ਵੱਖ-ਵੱਖ ਵਾਰਡਾਂ ’ਚ ਮਰੀਜ਼ਾਂ ਦੀ ਸਥਿੱਤੀ ਨੂੰ ਤਰਸਯੋਗ ਦੱਸਿਆ ਹੈ, ਜਿਨਾਂ ਨੂੰ ਨਿੱਜੀ ਲੈਬਾਰਟਰੀਆਂ ਤੋਂ ਭਾਰੀ ਖਰਚੇ ’ਤੇ ਵੱਖ-ਵੱਖ ਟੈਸਟ ਕਰਵਾਉਣੇ ਪੈਂਦੇ ਹਨ। ਵੱਖ-ਵੱਖ ਵਿਭਾਗਾਂ ’ਚ ਸਟਾਫ ਵੀ ਘੱਟ ਹੈ ਅਤੇ ਇਸ ਹਸਪਤਾਲ ’ਚ ਕੋਈ ਐਡਵਾਂਸ ਟਰਾਮਾ ਸੈਂਟਰ ਨਹੀਂ ਹੈ। ਹੁਣ ਵਿਭਾਗ ਨੂੰ ਇਸ ਸਬੰਧੀ 25 ਜੁਲਾਈ ਨੂੰ ਸਪੱਸ਼ਟੀਕਰਨ ਦੇਣਾ ਪਵੇਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਮਾੜੇ ਪ੍ਰਬੰਧਾਂ, ਏ.ਸੀ., ਕੂਲਰਾਂ ਅਤੇ ਪੱਖਿਆਂ ਦੇ ਹੋਣ ਦੇ ਬਾਵਜੂਦ ਵੀ ਬੰਦ ਰਹਿਣ, ਮਰੀਜ਼ਾਂ ਦੀ ਖੱਜਲ ਖੁਆਰੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਅਗਵਾਈ ’ਚ ਪਿਛਲੇ ਲੰਮੇ ਸਮੇਂ ਤੋਂ ਇਨਸਾਨੀਅਤ ਦਾ ਦਰਦ ਸਮਝਣ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸੁਸਾਇਟੀ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਕਾਂਗਰਸ ਦੀਆਂ ਸਰਕਾਰਾਂ ਮੌਕੇ ਖੁਦ ਸਿਹਤ ਮੰਤਰੀ ਨੂੰ ਮਿਲ ਕੇ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਬੀਤੇ ਕੱਲ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਡਾ. ਵਿਜੈ ਸਿੰਗਲਾ ਨੂੰ ਵੀ ਇਕ ਤੋਂ ਵੱਧ ਵਾਰ ਲਿਖਤੀ ਰੂਪ ਵਿੱਚ ਸ਼ਿਕਾਇਤ ਪੱਤਰ ਸੌਂਪ ਕੇ ਅਤੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸੁਣਵਾਈ ਨਾ ਹੋਈ ਤਾਂ ਸੁਸਾਇਟੀ ਨੂੰ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਾ ਪਿਆ।