Breaking News- ਆ ਗਿਆ ਦਸਵੀਂ ਦਾ ਨਤੀਜਾ, ਫਿਰ ਬਾਜੀ ਮਾਰ ਗਈਆਂ ਕੁੜੀਆਂ
ਜੈਤੋ, 5 ਜੁਲਾਈ – (ਪੰਜਾਬ ਡਾਇਰੀ) ਪੰਜਾਬ ਸਕੂਲ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੁੱਲ 323361 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਇਹਨਾਂ ਵਿਚੋਂ 316699 ਪ੍ਰੀਖਿਆਰਥੀ ਪਾਸ ਹੋਏ ਹਨ ਇਸ ਤਰ੍ਹਾਂ ਦਸਵੀਂ ਜਮਾਤ ਦਾ ਨਤੀਜਾ 97.94ਫੀਸਦੀ ਰਿਹਾ ਹੈ।
ਪ੍ਰਾਪਤ ਵੇਰਵਿਆਂ ਮੁਤਾਬਿਕ ਪਹਿਲੇ ਤਿੰਨ ਸਥਾਨ ਕੁੜੀਆਂ ਦੇ ਹਿੱਸੇ ਆਏ ਹਨ। ਸਰਕਾਰੀ ਹਾਈ ਸਕੂਲ ਸਕੀਏਵਾਲਾ ਫਿਰੋਜ਼ਪੁਰ ਦੀ ਨੈਂਸੀ ਰਾਣਾ ਨੇ 650 ਵਿਚੋਂ 644 (99.8 ਫੀਸਦੀ) ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। 644 ਨੰਬਰਾਂ ਨਾਲ ਹੀ ਸੰਗਰੂਰ ਦੀ ਦਿਲਪ੍ਰੀਤ ਕੌਰ ਦੂਜੇ ਸਥਾਨ ਅਤੇ ਸੰਗਰੂਰ ਜ਼ਿਲ੍ਹੇ ਦੀ ਹੀ ਕੋਮਲਪ੍ਰੀਤ ਕੌਰ 642 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ ਹੈ। 12 ਟ੍ਰਾਂਸਜੈਂਟਰ ਪ੍ਰੀਖਿਆਰਥੀਆਂ ਵਿਚੋਂ 11 ਪਾਸ ਹੋਏ। ਅੰਕੜੇ ਦੱਸਦੇ ਹਨ ਕਿ ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਪਛਾੜ ਦਿੱਤਾ ਹੈ।
ਸਰਕਾਰੀ ਸਕੂਲਾਂ ਦਾ ਨਤੀਜਾ 99.11 ਫੀਸਦ ਰਿਹਾ ਹੈ। 126 ਵਿਦਿਆਰਥੀ ਫੇਲ੍ਹ ਹੋਏ ਅਤੇ 2475 ਦੀ ਰੀਅਪੀਅਰ ਹੈ, 317 ਪ੍ਰ੍ਰੀਖਿਆਰਥੀਆਂ ਦਾ ਨਤੀਜਾ ਤਕਨੀਕੀ ਕਾਰਨਾਂ ਕਰਕੇ ਲੇਟ ਹੈ। ਗੁਰਦਾਸਪੁਰ ਜਿਲ੍ਹਾ ਪਹਿਲੇ ਸਥਾਨ ’ਤੇ ਰਿਹਾ ਹੈ, ਇਸ ਜਿਲ੍ਹੇ ਦਾ ਨਤੀਤਾ 99.55 ਫੀਸਦ ਹੈ। ਪਠਾਨਕੋਟ ਜ਼ਿਲ੍ਹਾ ਦੂਜੇ ਸਥਾਨ ’ਤੇ ਹੈ।