Big News- MSP ਤੇ ਖੇਤੀਬਾੜੀ ਮੁੱਦਿਆਂ ਲਈ ਕਮੇਟੀ ਬਣਾਈ, ਕਮੇਟੀ ‘ਚ ਪੰਜਾਬ ਦੇ ਕਿਸੀ ਨੁਮਾਇੰਦੇ ਦਾ ਨਾਂ ਨਹੀਂ
ਨਵੀਂ ਦਿੱਲੀ, 19 ਜੁਲਾਈ – (ਪੰਜਾਬ ਡਾਇਰੀ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਘੱਟੋ-ਘੱਟ ਸਮਰਥਨ ਮੁੱਲ(MSP) ਅਤੇ ਹੋਰ ਮੰਗਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਇੱਕ ਕਮੇਟੀ ਦਾ ਗਠਨ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਜ਼ੀਰੋ ਬਜਟ ਆਧਾਰਿਤ ਖੇਤੀ ਨੂੰ ਉਤਸ਼ਾਹਿਤ ਕਰਨ, ਫਸਲੀ ਪੈਟਰਨ ਨੂੰ ਬਦਲਣ ਅਤੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਹੋਰ ਪ੍ਰਭਾਵੀ-ਪਾਰਦਰਸ਼ੀ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਨੋਟੀਫਾਈਡ ਕਮੇਟੀ ਨੂੰ ਸੁਝਾਅ ਦੇਣ ਲਈ ਤਿੰਨ ਮੁੱਖ ਵਿਸ਼ਿਆਂ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਕਰਨਗੇ। ਹਾਲਾਂਕਿ ਦੱਸਣਯੋਗ ਹੈ ਕਿ ਖੇਤੀਬਾੜੀ ਪ੍ਰਮੁੱਖ ਪੰਜਾਬ ਸੂਬੇ ਵਿੱਚੋਂ ਨਾ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ, ਨਾ ਹੀ ਇਸ ਖਿੱਤੇ ਦੇ ਕਿਸੀ ਹੋਰ ਨੁਮਾਇੰਦੇ ਨੂੰ ਇਸ ਕਮੇਟੀ ਵਿਚ ਕੋਈ ਜਗ੍ਹਾ ਮਿਲੀ ਪਾਈ ਹੈ। ਸ਼ਾਇਦ ਕੇਂਦਰ ਸਰਕਾਰ ਦੇ ਹਿਸਾਬ ਨਾਲ ਭਾਰਤ ਦੇ ਫ਼ੂਡ ਬਾਊਲ ਵੱਜੋਂ ਪ੍ਰਮੁੱਖ ਸੂਬੇ ‘ਚ ਇੱਕ ਵੀ ਯੋਗ ਨੁਮਾਇੰਦਾ ਨਹੀਂ ਹੈ, ਇਹ ਵੱਡਾ ਸਵਾਲ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਮੰਡੀ ਸਿਸਟਮ ਨੂੰ ਬਹਾਲ ਕਰਨ ਅਤੇ ਕਿਸਾਨਾਂ ਅਤੇ ਕਿਸਾਨਾਂ ਦੇ ਹਿੱਤ ਵਿੱਚ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਮੁੜ ਤੋਂ ਵੱਡਾ ਅੰਦੋਲਨ ਕੀਤਾ ਜਾਵੇਗਾ।