Breaking- ਸਿੱਖ ਸੰਗਤਾਂ ਤੇ ਹੋਏ ਗੋਲੀ ਕਾਂਡ ਦੀ ਸਟੇਟਸ ਰਿਪੋਰਟ ਅੱਜ ਫਰੀਦਕੋਟ ਅਦਾਲਤ ਵਿੱਚ ਪੇਸ਼
6 ਅਗਸਤ – (ਪੰਜਾਬ ਡਾਇਰੀ) ਸਾਲ 2015 ਵਿੱਚ ਅਕਾਲੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਸਿੱਖ ਸੰਗਤਾਂ ਕੋਟਕਪੂਰਾ ਚੌਕ ਅਤੇ ਪਿੰਡ ਬਹਿਬਲ ਕਲਾਂ ਵਿੱਚ ਸ਼ਾਂਤ ਮਈ ਰੋਸ ਧਰਨੇ ਤੇ ਬੈਠੀਆਂ ਸਨ। ਉਸ ਮੌਕੇ ਦੀ ਸਰਕਾਰ ਨੇ ਧਰਨੇ ਚੁਕਵਾਉਣ ਲਈ ਜਿਥੇ ਸੰਗਤਾਂ ਤੇ ਲਾਠੀਚਾਰਜ ਕੀਤਾ ਸੀ ਉਥੇ ਨਾਲ ਹੀ ਗੋਲੀਆਂ ਵੀ ਚਲਾ ਦਿੱਤੀਆਂ ਸਨ ਤੇ ਜਿਸ ਦੌਰਾਨ ਕੁੱਝ ਲੋਕ ਜ਼ਖਮੀਂ ਵੀ ਹੋਏ ਸੀ ਤੇ ਦੋ ਸਿੰਘ ਸ਼ਹੀਦ ਹੋ ਗਏ ਸਨ । ਉਸ ਸਮੇਂ ਜੋ ਹੋਇਆ ਉਸ ਸਾਰੇ ਮਾਮਲੇ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਨੇ ਜਾਂਚ ਕਮੇਟੀਆਂ ਬਣਾ ਕੇ ਜਾਚਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਐਸ ਐਸ ਪੀ ਸ੍ਰ ਗੁਲਨੀਤ ਸਿੰਘ ਖੁਰਾਣਾ ਨੇ ਕੇਸ ਦੀ ਸਟੇਟਸ ਰਿਪੋਰਟ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਸਿਟ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਇਹ ਰਿਪੋਰਟ ਗੁਪਤ ਰੱਖੀ ਜਾਵੇ ਤੇ ਅਦਾਲਤ ਨੇ ਸਿਟ ਦੀ ਮੰਗ ਉਤੇ ਸਟੇਟਸ ਰਿਪੋਰਟ ਨੂੰ ਗੁਪਤ ਰੱਖਣ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਸਟੇਟਸ ਰਿਪੋਰਟ ਹੁਣੇ ਜਨਤਕ ਹੁੰਦੀ ਹੈ ਤਾਂ ਇਸ ਨਾਲ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਉਤੇ ਅਸਰ ਪੈ ਸਕਦਾ ਹੈ।
ਕਾਬਿਲੇਗੌਰ ਹੈ ਕਿ ਫ਼ਰੀਦਕੋਟ ਦੀ ਅਦਾਲਤ ਨੇ 13 ਜੁਲਾਈ ਨੂੰ ਆਪਣੇ ਹੁਕਮ ਵਿੱਚ ਜਾਂਚ ਟੀਮ ਨੂੰ ਕਿਹਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ। 20 ਅਗਸਤ ਨੂੰ ਇੱਥੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਵੀ ਹੋਣੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ ਨੂੰ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਕੇਸਾਂ ਦੀ ਸੁਣਵਾਈ ਇਕੱਠੀ ਕੀਤੀ ਜਾਵੇ।
ਜਦਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਅਜੇ ਤੱਕ ਚਲਾਨ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਇਸ ਕਰ ਕੇ ਅਦਾਲਤ ਨੇ ਜਾਂਚ ਟੀਮ ਤੋਂ ਸਟੇਟਸ ਰਿਪੋਰਟ ਮੰਗੀ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਕਰਨ ਬਾਰੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ ਹੈ। ਇਸ ਅਰਜ਼ੀ ਉਤੇ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।