Breaking- ਆਜ਼ਾਦੀ ਦਿਵਸ ਸਮਾਗਮ ਸਬੰਧੀ ਕਰਵਾਈ ਫੁੱਲ ਡ੍ਰੈਸ ਰਿਹਰਸਲ
ਕੈਬਨਿਟ ਮੰਤਰੀ ਸ. ਫੌਜਾ ਸਿੰਘ ਸਰਾਰੀ ਆਜ਼ਾਦੀ ਦਿਹਾੜੇ ਮੌਕੇ ਫ਼ਰੀਦਕੋਟ ‘ਚ ਲਹਿਰਾਉਣਗੇ ਕੌਮੀ ਝੰਡਾ
ਨਹਿਰੂ ਸਟੇਡੀਅਮ ਫਰੀਦਕੋਟ ਹੋਵੇਗਾ ਜਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ
ਫਰੀਦਕੋਟ, 13 ਅਗਸਤ – (ਪੰਜਾਬ ਡਾਇਰੀ) 15 ਅਗਸਤ 2022 ਨੂੰ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਇੱਥੋਂ ਦੇ ਨਹਿਰੂ ਖੇਡ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੇ ਸਬੰਧ ਵਿੱਚ ਫੁੱਲ ਡ੍ਰੈਸ ਰਿਹਰਸਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਆਈ ਜੀ ਸ੍ਰੀ ਪ੍ਰਦੀਪ ਕੁਮਾਰ ਯਾਦਵ ਆਈ.ਪੀ.ਐੱਸ ਤੇ ਐਸ.ਐਸ.ਪੀ.ਸ. ਰਾਜਪਾਲ ਸਿੰਘ ਆਈ.ਪੀ.ਐਸ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਦੱਸਿਆ ਕਿ ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਸ. ਫੌਜਾ ਸਿੰਘ ਸਰਾਰੀ ਜ਼ਿਲ੍ਹਾ ਪੱਧਰੀ ਸਮਾਗਮ ‘ਚ ਫ਼ਰੀਦਕੋਟ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਜਿਲ੍ਹਾ ਵਾਸੀਆਂ ਦੇ ਨਾਮ ਸੰਦੇਸ਼ ਦੇਣਗੇ। ਉਨ੍ਹਾਂ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਨਹਿਰੂ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਕੌਮੀ ਉਤਸਵ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਤਾਂ ਜੋ ਆਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਵੱਧ ਤੋਂ ਵੱਧ ਮਨਾਇਆ ਜਾ ਸਕੇ ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਸਮਾਗਮ ਵਿੱਚ ਪਰੇਡ ਤੋਂ ਇਲਾਵਾ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਤੇ ਦੇਸ਼ ਭਗਤੀ ਦਾ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ।
ਇਸ ਮੌਕੇ ਉਨ੍ਹਾਂ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਪਰੇਡ ਤੋਂ ਸਲਾਮੀ ਵੀ ਲਈ। ਇਸ ਮੌਕੇ ਉਨ੍ਹਾਂ ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਵੇਖਿਆ । ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਜਿੱਥੇ ਪੀ.ਟੀ. ਸ਼ੋਅ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਸ਼ ਵੀ ਕੀਤੀ ਗਈ । 15 ਅਗਸਤ ਨੂੰ ਹੋਣ ਵਾਲੀ ਪਰੇਡ ਵਿੱਚ ਬੀ.ਐਸ.ਐਫ., ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਐਨ.ਸੀ.ਸੀ. ਸਕਾਊਟ ਅਤੇ ਗਾਈਡ ਦੀਆਂ ਟੁੱਕੜੀਆਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੀਆਂ । ਇਸ ਮੌਕੇ ਸੁਤੰਤਰਤਾ ਸੰਗਰਾਮੀਆਂ, ਜੰਗੀ ਵਿਧਵਾਵਾਂ ਅਤੇ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਡੀ.ਆਰ.ਓ ਡਾ. ਅਜੀਤ ਪਾਲ ਸਿੰਘ, ਡੀ.ਈ.ਓ ਸ੍ਰੀ ਸਿਵਰਾਜ ਕਪੂਰ, ਡਿਪਟੀ ਡੀ.ਈ.ਓ ਸ੍ਰੀ ਪਵਨ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ ਨਵਦੀਪ ਸਿੰਘ ਬਰਾੜ, ਲੈਕਚਰਾਰ ਸ੍ਰੀ ਸੁਖਵਿੰਦਰ ਸਾਰੰਗ, ਸ੍ਰੀ ਕੁਲਦੀਪ ਸਿੰਘ ਗਿੱਲ ਸਪੋਰਟਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।ਸਭਿਆਚਾਰਕ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਸਿੰਘ ਜੱਸੀ ਜਿਲਾ ਮੀਡੀਆ ਕੁਆਰਡੀਨੇਟਰ ਨੇ ਬਾਖੂਬੀ ਨਿਭਾਈ।