Breaking- ਸਿੰਘ ਸਭਾ ਲਹਿਰ ਦੀ 150 ਸਾਲਾ ਸ਼ਤਾਬਦੀ ਦੀਆਂ ਤਿਆਰੀਆਂ ਸ਼ੁਰੂ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 22 ਅਗਸਤ – (ਪੰਜਾਬ ਡਾਇਰੀ) ਸਿੰਘ ਸਭਾ ਲਹਿਰ ਦੀ 150 ਸਾਲਾ ਸ਼ਤਾਬਦੀ ਮਨਾਉਣ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ ਤੋਂ ਇਲਾਵਾ ਦਿੱਲੀ ਭੁਪਾਲ ਅਤੇ ਮੁਬੰਈ ਵੀ ਮੀਟਿੰਗਾਂ ਕੀਤੀਆ ਜਾਣਗੀਆ।
ਸੁਰੂਆਤ ਵਿੱਚ 20 ਅਗਸਤ 2022 ਦਿਨ ਸਨੀਵਾਰ ਨੂੰ ਅੰਮ੍ਰਿਤਸਰ ਅਤੇ 21 ਅਸਗਤ 2022 ਦਿਨ ਐਤਵਾਰ ਨੂੰ ਜਲੰਧਰ ਵਿੱਚ ਮੀਟਿੰਗ ਹੋਈ, ਜਿਸ ਵਿਚ ਉਹਨਾਂ ਸ਼ਹਿਰਾਂ ਦੀਆਂ ਵੱਖ-ਵੱਖ ਸਭਾਵਾਂ ਦੇ ਨੁਮਾਇੰਦਿਅਆਂ, ਸਮਾਜ ਸੇਵੀ ਸੰਸਥਾਂਵਾਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ। ਪਿਛਲੇ ਹਫਤੇ ਲੁਧਿਆਣਾ ਦੇ ਸਰਾਭਾ ਨਗਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਦੀ ਪ੍ਰਧਾਨਗੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵਲੋਂ ਕੀਤੀ ਗਈ। ਮੀਟਿੰਗ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਚੰਡੀਗੜ੍ਹ ਦੇ ਜਨਰਲ ਸਕਤਰ ਡਾ. ਖੁਸ਼ਹਾਲ ਸਿੰਘ, ਪ੍ਰਧਾਨ ਪ੍ਰੋ. ਸ਼ਾਮ ਸਿੰਘ ਗੜ੍ਹਦੀਵਾਲਾ, ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀਂ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਮਾਲਵਿੰਦਰ ਸਿੰਘ ਮਾਲੀ, ਜਲੰਧਰ ਤੋਂ ਪ੍ਰੋ. ਬਲਵਿੰਦਰਪਾਲ ਸਿੰਘ, ਗੁਰਬਚਨ ਸਿੰਘ ਦੇਸ ਪੰਜਾਬ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰਕਟਰ ਚੇਤਨ ਸਿੰਘ, ਜਗਜੀਤ ਸਿੰਘ ਗਾਬਾ, ਇੰਜੀ. ਕਰਮਜੀਤ ਸਿੰਘ, ਨਰਿੰਦਰ ਸਿੰਘ ਢਿੱਲੋਂ, ਲੇਖਕ ਪਰਮਜੀਤ ਸਿੰਘ ਮਾਨਸਾ, ਸੁਰਜੀਤ ਸਿੰਘ ਆਦਿ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੰਘ ਸਭਾ ਲਹਿਰ 1873 ਵਿਚ ਸ਼ੁਰੂ ਹੋਈ ਸੀ, ਜਿਸ ਦੀ 150 ਸਾਲਾ ਸ਼ਤਾਬਦੀ ਅਕਤੂਬਰ 2023 ਤੋਂ ਸ਼ੁਰੂ ਹੋ ਰਹੀ ਹੈ। ਉਹਨਾਂ ਕਿਹਾ ਕਿ ਸਿੰਘ ਸਭਾ ਲਹਿਰ ਦਾ ਆਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਰੌਸ਼ਨੀ ਵਿਚ ਸਿੱਖ ਸਮਾਜ ਉਤੇ ਫੈਲ ਚੁੱਕੀ ਬਿਪਰਵਾਦੀ ਅਮਰ ਵੇਲ ਨੂੰ ਲਾਹ ਕੇ ਗੁਰੂ ਦਰਸ਼ਨ ਅਨੁਸਾਰ ਸਿੱਖ ਸਮਾਜ ਦੀ ਸਿਰਜਣਾ ਕਰਨਾ ਸੀ। ਸਿੰਘ ਸਭਾ ਨੇ ਜਿੱਥੇ ਬ੍ਰਾਹਮਣਵਾਦੀ ਕੁਰੀਤੀਆਂ ਦੂਰ ਕੀਤੀਆਂ, ਉੱਥੇ ਜਾਤ-ਪਾਤ ਤੇ ਛੂਤ-ਛਾਤ ਨੂੰ ਦੂਰ ਕਰਨ ਦੇ ਵੀ ਅਣਥਕ ਯਤਨ ਕੀਤੇ। ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਾਦਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਅੱਜ ਸਿੱਖ ਸਮਾਜ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਸਿੰਘ ਸਭਾ ਲਹਿਰ ਮੁੜ ਸੁਰਜੀਤ ਕਰਨਾ ਅਣਸਰਦੀ ਲੋੜ ਹੈ।
ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਸਿੰਘ ਸਭਾ ਲਹਿਰ ਦੀ 150 ਸਾਲਾ ਸ਼ਤਾਬਦੀ ਸਮਾਗਮ ਵੱਡੇ ਪੱਧਰ ਉਤੇ ਮਨਾਉਣ ਦੀਅਆਂ ਤਿਆਰੀਆਂ ਦਾ ਸਿਲਸਿਲਾ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ। ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੀਆਂ ਇਸ ਤੋਂ ਪਹਿਲਾਂ ਲੁਧਿਆਣੇ ਅਤੇ ਅੰਮਿ੍ਰਤਸਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਤੇ ਹੋਰ ਆਜ਼ਾਦ ਸੰਸਥਾਵਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਇਹ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਜਲਦੀ ਮਾਲਵੇ, ਬਰਨਾਲਾ, ਸੰਗਰੂਰ ਅਤੇ ਬਠਿੰਡਾ ਆਦਿ ਵਿਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਸਭਾ ਦੇ ਗਵਰਨਰ ਕੌਂਸਲ ਦੇ ਮੈਂਬਰ ਅਤੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਸ਼ਤਾਬਦੀ ਸਮਾਗਮਾਂ ਵਿਚ ਵੱਖ-ਵੱਖ ਵਿਸ਼ਿਆਂ ਉਤੇ ਤਿੰਨ ਰੋਜਾ ਸੈਮੀਨਾਰ ਕੀਤਾ ਜਾਏਗਾ ਅਤੇ ਮੈਗਜ਼ੀਨ, ਸੋਵੀਨਰ, ਲੀਫਲੈਂਟ, ਬਰੌਸ਼ਰ ਅਤੇ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ। ਪੱਤਰਕਾਰ ਜਸਪਾਲ ਸਿੰਘ ਨੇ ਕਿਹਾ ਕਿ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸ਼ਤਾਬਦੀ ਕਮੇਟੀ ਅਤੇ ਤਿਮਾਹੀ ਕਮੇਟੀਆਂ ਦਾ ਕਠਨ ਜਲਦੀ ਹੀ ਕੀਤਾ ਜਾ ਰਿਹਾ ਹੈ, ਜਿਹਨਾਂ ਵਿਚ ਦੇਸ ਬਿਦੇਸ਼ ਦੀਆਂ ਸਿੰਘ ਸਭਾਵਾਂ ਅਤੇ ਬੱੁਧੀਜੀਵੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਖ ਸਮਾਜ ਨੂੰ ਗੁਰੂ ਆਸ਼ਿਆਂ ਅਨੁਸਾਰ ਦੁਬਾਰਾ ਢਾਲਿਆ ਜਾ ਸਕੇ।