Breaking- ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ -2022
– ਡਿਪਟੀ ਕਮਿਸ਼ਰ ਵੱਲੋਂ ਸਮਾਗਮ ਦੀਆਂ ਤਿਆਰੀਆਂ ਸਬੰਧੀ ਕਮੇਟੀਆਂ ਦੇ ਇੰਚਾਰਜਾਂ/ਮੈਂਬਰਾਂ ਨਾਲ ਮੀਟਿੰਗ
– 19 ਸਤੰਬਰ ਤੋਂ 23 ਸਤੰਬਰ ਤੱਕ ਆਗਮਨ ਪੁਰਬ ਅਤੇ 20 ਤੋਂ 28 ਸਤੰਬਰ ਤੱਕ ਚਲੇਗਾ ਕਰਾਫਟ ਮੇਲਾ
ਫਰੀਦਕੋਟ, 26 ਅਗਸਤ – (ਪੰਜਾਬ ਡਾਇਰੀ) ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2022 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਡਾ. ਰੂਹੀ ਦੁੱਗ ਵੱਲੋਂ ਆਗਮਨ ਪੁਰਬ ਦੇ ਸਬੰਧ ਵਿੱਚ ਗਠਿਤ ਵੱਖ ਵੱਖ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ.ਮਨਦੀਪ ਕੌਰ, ਐਸ.ਡੀ.ਐਮ ਫ਼ਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ.ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ ਜੈਤੋ ਡਾ. ਨਿਰਮਲ ਓਸੇਪਚਨ ਸਮੇਤ ਕਮੇਟੀਆਂ ਦੇ ਇੰਚਾਰਜ ਅਤੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਲਚਰਲ ਕਮੇਟੀ, ਕੰਪੀਟੀਸ਼ਨ ਕਮੇਟੀ ਅਤੇ ਪਬਲੀਸਿਟੀ ਕਮੇਟੀ ਦੇ ਕੰਮਾਂ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ। ਉਨ੍ਹਾਂ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰਾਂ ਨੂੰ ਕਿਹਾ ਕਿ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2022 ਨਜ਼ਦੀਕ ਆ ਰਿਹਾ ਹੈ ਅਤੇ ਉਸੇ ਹਿਸਾਬ ਨਾਲ ਹੀ ਸਾਨੂੰ ਪੂਰੀ ਜੀਅ ਜਾਨ ਨਾਲ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਲਗਨ ਅਤੇ ਮਿਹਨਤ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਮੇਲੇ ਦੌਰਾਨ ਕਿਸੇ ਤਰ੍ਹਾਂ ਦੇ ਪ੍ਰਬੰਧਾਂ ਵਿੱਚ ਕਮੀ ਨਾ ਹੋਵੇ। ਉਨ੍ਹਾਂ ਵੈਨਿਊ ਕਮੇਟੀ, ਸਟੇਜ ਕਮੇਟੀ, ਸਪੋਰਟਸ ਕਮੇਟੀ ਅਤੇ ਧਾਰਮਿਕ ਸਮਾਗਮਾਂ ਸੰਬੰਧੀ ਕਮੇਟੀ ਨਾਲ ਸਬੰਧਤ ਵੱਖ ਵੱਖ ਕਮੇਟੀਆਂ ਦੇ ਇੰਚਾਰਜਾਂ ਤੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਆਗਮਨ ਪੁਰਬ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਤੇ ਹੋਣ ਵਾਲਾ ਸਮਾਗਮ 19 ਤੋਂ 23 ਤਕ ਕਰਵਾਇਆ ਜਾਵੇਗਾ।ਜਦੋਂ ਕਿ ਕਰਾਫ਼ਟ ਮੇਲਾ 20 ਸਤੰਬਰ ਤੋਂ 28 ਸਤੰਬਰ ਤੱਕ ਦਾਣਾ ਮੰਡੀ ਫਿਰੋਜੁਪਰ ਰੋਡ ਫਰੀਦਕੋਟ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਕੌਮੀ ਫੈਸਟੀਵਲ ਦੌਰਾਨ ਹੋਣ ਵਾਲੇ ਪ੍ਰੋਗਰਾਮ, ਪਾਠ ਸ੍ਰੀ ਸੁਖਮਨੀ ਸਾਹਿਬ ਅਤੇ ਅਰਦਾਸ, ਪੇਂਡੂ ਖੇਡ ਮੇਲਾ, ਕਰਾਫਟ ਮੇਲਾ, ਰੰਗੋਲੀ ਕੰਪੀਟੀਸ਼ਨ, ਪੇਟਿੰਗ ਕੰਪੀਟੀਸ਼ਨ, ਪੇਟਿੰਗ ਗੈਲਰੀ, ਫੋਟੋਗਰਾਫੀ ਕੰਪੀਟੀਸ਼ਨ, ਡਰਾਮਾ ਫੈਸਟੀਵਲ, ਹੈਰੀਟੇਜ਼ ਵਾਕ, ਵਿਨਟੇਜ਼ ਕਾਰ ਪ੍ਰਦਰਸ਼ਨੀ, ਇੰਟਰ ਯੂਥ ਫੈਸਟ, ਕੌਮੀ ਲੋਕ ਨਾਚ ਪ੍ਰੋਗਰਾਮ, ਆਰਟਿਲਰੀ ਡਿਸਪਲੇਅ,ਬੇਬੀ ਸ਼ੋਅ, ਸਭਿਆਚਾਰਕ ਪ੍ਰੋਗਰਾਮ, ਸਮੇਤ ਮੇਲੇ ਦੌਰਾਨ ਹੋਣ ਵਾਲੇ ਹੋਰ ਵੱਖ ਵੱਖ ਮੁਕਾਬਲਿਆਂ, ਸਮਾਗਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।ਮੇਲੇ ਦੌਰਾਨ ਵਿਰਾਸਤੀ ਪ੍ਰਦਰਸ਼ਨੀ ਤੋਂ ਇਲਾਵਾ ਕਰਾਫਟ ਮੇਲਾ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਦਸਤਕਾਰੀ ਨਾਲ ਸਬੰਧਤ ਕਲਾਕਾਰਾਂ ਅਤੇ ਕਾਰੀਗਰਾਂ ਦੀਆਂ ਨੁਮਾਇਸ਼ਾ ਲਗਾਈਆਂ ਜਾਣਗੀਆਂ ਜੋ ਕਿ ਲਗਾਤਾਰ 08 ਦਿਨ ਚੱਲਣਗੀਆਂ ਜਦਕਿ ਮੁੱਖ ਮੇਲਾ 5 ਦਿਨ ਦਾ ਹੋਵੇਗਾ । ਇਸ ਸਬੰਧੀ ਜ਼ਿਆਦਾਤਰ ਪ੍ਰੋਗਰਾਮਾਂ ਨੂੰ ਫਾਇਨਲ ਕਰ ਲਿਆ ਗਿਆ ਹੈ।
ਇਸ ਮੌਕੇ ਡੀ.ਆਰ.ਓ ਡਾ.ਅਜੀਤਪਾਲ ਸਿੰਘ ਚਾਹਲ, ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਮਨਜੀਤ ਪੁਰੀ, ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ.ਕਰਨਜੀਤ ਸਿੰਘ ਗਿੱਲ, ਡਾ. ਕਰਨਦੀਪ ਸਿੰਘ ਗਿੱਲ ਡਿਪਟੀ ਡਾਇਰੈਕਟਰ ਬਾਗਬਾਨੀ, ਡਾ.ਨਵਦੀਪ ਬਰਾੜ ਬਾਗਬਾਨੀ ਅਫ਼ਸਰ,ਡਾ. ਅਮਨਦੀਪ ਕੇਸ਼ਵ ਪੀ.ਡੀ. ਆਤਮਾ, ਡਿਪਟੀ ਡੀ.ਈ.ਓ (ਐਲੀਮੈਂਟਰੀ) ਸ੍ਰੀ ਪਵਨ ਕੁਮਾਰ, ਸ੍ਰੀ ਜਸਬੀਰ ਜੱਸੀ ਮੀਡੀਆ ਕੁਆਰਡੀਨੇਟਰ ਸਿੱਖਿਆ ਵਿਭਾਗ, ਪ੍ਰੋ. ਨਰਿੰਦਰਜੀਤ ਸਿੰਘ ਬਰਾੜ, ਪ੍ਰਵੀਨ ਕਾਲਾ ਐੱਨ.ਜੀ.ਓ, ਆਰ. ਐਸ. ਮੌਂਗੀਆ, ਸ੍ਰੀ ਸੁਭਾਸ਼ ਕੁਮਾਰ ਸੈਕਟਰੀ ਰੈਡ ਕਰਾਸ, ਸ੍ਰੀ ਨੀਲ ਕੰਠ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।