PCS ਭਰਤੀ ਮਾਮਲੇ ‘ਚ ਮਾਨ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, 5 ਜੂਨ ਵਾਲੇ ਇਸ਼ਤਿਹਾਰ ‘ਤੇ ਲੱਗੀ ਰੋਕ
ਦੱਸਿਆ ਜਾ ਰਿਹਾ ਹੈ ਕਿ ਭਰਤੀ ਲਈ ਯੋਗਤਾ ਨਿਰਧਾਰਤ ਕਰਨ ਵਾਸਤੇ 1 ਨਵੰਬਰ 2025 ਦੀ ਕਟ-ਆਫ ਤਾਰੀਖ਼ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸਨ।

ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਪੀਸੀਐਸ ਭਰਤੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ 5 ਜੂਨ ਨੂੰ ਜਾਰੀ ਕੀਤੇ ਗਏ ਪੀਸੀਐਸ ਭਰਤੀ ਇਸ਼ਤਿਹਾਰ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਭਰਤੀ ਲਈ ਯੋਗਤਾ ਨਿਰਧਾਰਤ ਕਰਨ ਵਾਸਤੇ 1 ਨਵੰਬਰ 2025 ਦੀ ਕਟ-ਆਫ ਤਾਰੀਖ਼ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸਨ।
ਕੀ ਹੈ ਪੰਜਾਬ PCS ਭਰਤੀ ਨਾਲ ਜੁੜਿਆ ਵਿਵਾਦ?
ਪਟੀਸ਼ਨਰਾਂ ਨੇ ਦਲੀਲ ਦਿੱਤੀ ਹੈ ਕਿ ਇਹ ਕਟ-ਆਫ ਤਾਰੀਖ਼ ਕੁਝ ਖ਼ਾਸ ਉਮੀਦਵਾਰਾਂ ਨੂੰ ਲਾਭ ਪਹੁੰਚਾਉਣ ਲਈ ਤੈਅ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਭਰਤੀ ਦਾ ਇਸ਼ਤਿਹਾਰ 5 ਜੂਨ 2026 ਨੂੰ ਜਾਰੀ ਹੋਇਆ, ਤਾਂ ਉਸ ਤੋਂ ਕਰੀਬ ਸੱਤ ਮਹੀਨੇ ਪਹਿਲਾਂ ਦੀ ਤਾਰੀਖ਼ ਨੂੰ ਯੋਗਤਾ ਦਾ ਆਧਾਰ ਬਣਾਉਣਾ ਗਲਤ ਹੈ।
ਇਹ ਮਾਮਲਾ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੀਆਂ ਪੰਜ ਅਸਾਮੀਆਂ ਦੀ ਭਰਤੀ ਨਾਲ ਸਬੰਧਤ ਹੈ, ਜੋ ‘ਰਜਿਸਟਰ-ਸੀ’ ਰਾਹੀਂ ਭਰੀਆਂ ਜਾਣੀਆਂ ਹਨ। ਇਹ ਕੋਟਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਗਰੁੱਪ-ਏ ਅਤੇ ਗਰੁੱਪ-ਬੀ ਅਧਿਕਾਰੀਆਂ ਲਈ ਰਾਖਵਾਂ ਹੈ। ਪਟੀਸ਼ਨਰ ਪੰਜਾਬ ਜਲ ਸਰੋਤ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ) ਵਜੋਂ ਸੇਵਾ ਨਿਭਾ ਰਿਹਾ ਹੈ।
ਪਟੀਸ਼ਨ ਵਿੱਚ ਕੀਤੇ ਗਏ ਮੁੱਖ ਇਤਰਾਜ਼
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨਰ ਨੇ 1 ਨਵੰਬਰ 2025 ਤੋਂ ਕੁਝ ਸਮੇਂ ਬਾਅਦ ਅੱਠ ਸਾਲ ਦੀ ਲੋੜੀਂਦੀ ਨਿਯਮਤ ਸਰਕਾਰੀ ਸੇਵਾ ਪੂਰੀ ਕਰ ਲਈ ਸੀ ਅਤੇ 5 ਜੂਨ 2026 ਨੂੰ ਜਾਰੀ ਭਰਤੀ ਇਸ਼ਤਿਹਾਰ ਤੋਂ ਪਹਿਲਾਂ ਹੀ ਯੋਗਤਾ ਹਾਸਲ ਕਰ ਚੁੱਕਿਆ ਸੀ। ਇਸ ਦੇ ਬਾਵਜੂਦ ਸਰਕਾਰ ਨੇ 1 ਨਵੰਬਰ 2025 ਨੂੰ ਕਟ-ਆਫ ਤਾਰੀਖ਼ ਮੰਨਿਆ, ਜਿਸ ਕਾਰਨ ਕਈ ਯੋਗ ਉਮੀਦਵਾਰ ਭਰਤੀ ਪ੍ਰਕਿਰਿਆ ਤੋਂ ਬਾਹਰ ਹੋ ਗਏ।
ਪਟੀਸ਼ਨਰਾਂ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਜਦੋਂ ਇਸ਼ਤਿਹਾਰ ਜੂਨ 2026 ਵਿੱਚ ਜਾਰੀ ਹੋਇਆ, ਤਾਂ ਉਸ ਤੋਂ ਸੱਤ ਮਹੀਨੇ ਪਹਿਲਾਂ ਦੀ ਤਾਰੀਖ਼ ਨੂੰ ਯੋਗਤਾ ਦਾ ਮਾਪਦੰਡ ਬਣਾਉਣਾ ਸੰਵਿਧਾਨ ਦੇ ਆਰਟੀਕਲ 14 ਅਤੇ 16 ਦੀ ਉਲੰਘਣਾ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਕਟ-ਆਫ ਤਾਰੀਖ਼ ਪੰਜਾਬ ਸਿਵਲ ਸੇਵਾਵਾਂ ਦੇ ਨਿਯਮਾਂ ਅਨੁਸਾਰ ਨਿਰਧਾਰਤ ਕੀਤੀ ਗਈ ਸੀ।
ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਪੰਜਾਬ ਸਰਕਾਰ ਨੂੰ 24 ਅਗਸਤ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਨਾਲ ਹੀ ਅਦਾਲਤ ਨੇ ਪੀਸੀਐਸ ਕਾਰਜਕਾਰੀ ਸ਼ਾਖਾ ਦੀ ਭਰਤੀ ਲਈ 5 ਜੂਨ ਨੂੰ ਜਾਰੀ ਕੀਤੇ ਗਏ ਇਸ਼ਤਿਹਾਰ ‘ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


