Monday, May 11, 2026
Google search engine
Homeਅਪਰਾਧਪੰਜਾਬ ਪੁਲਿਸ ਦਾ ਮੁਲਾਜ਼ਮ ਸਰਕਾਰੀ ਗੱਡੀ ’ਚ ਨਸ਼ਾ ਲੈਣ ਪਹੁੰਚਿਆ, ਵੀਡੀਓ ਵਾਇਰਲ...

ਪੰਜਾਬ ਪੁਲਿਸ ਦਾ ਮੁਲਾਜ਼ਮ ਸਰਕਾਰੀ ਗੱਡੀ ’ਚ ਨਸ਼ਾ ਲੈਣ ਪਹੁੰਚਿਆ, ਵੀਡੀਓ ਵਾਇਰਲ ਹੋਣ ਮਗਰੋਂ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫਾਜ਼ਿਲਕਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੰਬੰਧਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

ਅਬੋਹਰ-
ਅਬੋਹਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 112 ਹੈਲਪਲਾਈਨ ਦੀ ਸਰਕਾਰੀ ਗੱਡੀ ਵਿੱਚ ਬੈਠੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਤੋਂ ਨਸ਼ੀਲਾ ਪਦਾਰਥ ਖਰੀਦਿਆ ਗਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫਾਜ਼ਿਲਕਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੰਬੰਧਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

ਅਬੋਹਰ ਦੇ ਐਸਪੀ ਅਸ਼ਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਅਤੇ ਵੀਡੀਓ ਦੀ ਪੁਸ਼ਟੀ ਕੀਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਵਾਇਰਲ ਵੀਡੀਓ ਲਗਭਗ ਚਾਰ ਤੋਂ ਪੰਜ ਦਿਨ ਪੁਰਾਣੀ ਹੈ। ਉਨ੍ਹਾਂ ਦੱਸਿਆ ਕਿ ਅਬੋਹਰ ਸਿਟੀ ਵਨ ਥਾਣਾ ਖੇਤਰ ਅਧੀਨ ਚੱਲ ਰਹੀ 112 ਹੈਲਪਲਾਈਨ ਗੱਡੀ ’ਤੇ ਲੋਕਲ ਰੈਂਕ ਦੇ ਏਐਸਆਈ ਪਲਵਿੰਦਰ ਸਿੰਘ ਦੀ ਡਿਊਟੀ ਸੀ। ਦੋਸ਼ ਹੈ ਕਿ ਉਸ ਨੇ ਆਪਣੇ ਦੋ ਜਾਣਕਾਰਾਂ ਨਾਲ ਫ਼ੋਨ ’ਤੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਮੌਕੇ ’ਤੇ ਬੁਲਾਇਆ, ਜਿੱਥੋਂ 500 ਰੁਪਏ ਦੇ ਬਦਲੇ ਨਸ਼ੀਲੀ ਵਸਤੂ ਹਾਸਲ ਕੀਤੀ ਗਈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸਦੇ ਸਾਥੀਆਂ ਸਮੇਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਕਰੀਬ 12 ਸਕਿੰਟ ਦੀ ਵੀਡੀਓ ਵਿੱਚ ਇੱਕ ਸੜਕ ਕਿਨਾਰੇ ਖੜ੍ਹੀ ਪੰਜਾਬ ਪੁਲਿਸ ਦੀ 112 ਗੱਡੀ ਦਿਖਾਈ ਦਿੰਦੀ ਹੈ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ’ਤੇ ਉੱਥੇ ਪਹੁੰਚਦੇ ਹਨ ਅਤੇ ਗੱਡੀ ਕੋਲ ਆ ਕੇ ਰੁਕ ਜਾਂਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੱਡੀ ਕੋਲ ਖੜ੍ਹਾ ਵਿਅਕਤੀ ਏਐਸਆਈ ਪਲਵਿੰਦਰ ਸਿੰਘ ਹੈ। ਵੀਡੀਓ ਵਿੱਚ ਬਾਈਕ ਸਵਾਰ ਨੌਜਵਾਨ ਇੱਕ ਵਿਅਕਤੀ ਨੂੰ ਕੁਝ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਦੋਸ਼ ਹੈ ਕਿ ਇਹ ਨਸ਼ੀਲੇ ਪਦਾਰਥ ਸਨ, ਜੋ 500 ਰੁਪਏ ਵਿੱਚ ਖਰੀਦੇ ਗਏ। ਘਟਨਾ ਦੌਰਾਨ ਕਈ ਲੋਕਾਂ ਦੀ ਆਵਾਜਾਈ ਵੀ ਦਿਖਾਈ ਦਿੰਦੀ ਹੈ। ਨੇੜੇ ਮੌਜੂਦ ਕਿਸੇ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

ਮਾਮਲੇ ਸਬੰਧੀ ਐਸਪੀ ਅਸ਼ਵੰਤ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਫਾਜ਼ਿਲਕਾ 112 ਹੈਲਪਲਾਈਨ ਨੰਬਰ 408 ’ਤੇ ਤਾਇਨਾਤ ਏਐਸਆਈ ਪਲਵਿੰਦਰ ਸਿੰਘ ਨੇ ਆਪਣੇ ਸਾਥੀ ਜਸ਼ਨ ਨੂੰ ਫ਼ੋਨ ਕਰਕੇ ਬੁਲਾਇਆ ਸੀ। ਇਸ ਤੋਂ ਬਾਅਦ ਉਸ ਨੇ ਇੱਕ ਨੌਜਵਾਨ ਤੋਂ 500 ਰੁਪਏ ਵਿੱਚ ਨਸ਼ੀਲਾ ਪਦਾਰਥ ਖਰੀਦਿਆ। ਜਾਂਚ ਮਗਰੋਂ ਪੁਲਿਸ ਵਿਭਾਗ ਵੱਲੋਂ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੱਕ ਨੌਜਵਾਨ ਜਸ਼ਨ ਦੀ ਪਛਾਣ ਹੋ ਚੁੱਕੀ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਜਾਂ ਨਸ਼ਿਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

-(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments