ਬਟਾਲਾ ’ਚ ਘਰ ਅੰਦਰ ਮਾਂ-ਧੀ ਦੀਆਂ ਲਾਸ਼ਾਂ ਮਿਲਣ ਨਾਲ ਹੜਕੰਪ, ਪਤੀ ’ਤੇ ਕਤਲ ਦਾ ਸ਼ੱਕ
ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦਾ ਭਰਾ ਰੋਜ਼ਾਨਾ ਆਪਣੀ ਭਾਣਜੀ ਨੂੰ ਸਕੂਲ ਛੱਡਣ ਜਾਂਦਾ ਸੀ। ਅੱਜ ਜਦੋਂ ਉਸ ਨੇ ਆਪਣੀ ਭੈਣ ਦੇ ਪਰਿਵਾਰ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਕਾਲ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ

ਬਟਾਲਾ
ਬਟਾਲਾ ਦੀ ਫ਼ਰੈਂਡਜ਼ ਕਲੋਨੀ ਵਿੱਚ ਅੱਜ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਮਹਿਲਾ ਅਤੇ ਉਸ ਦੀ 12 ਸਾਲ ਦੇ ਕਰੀਬ ਉਮਰ ਦੀ ਧੀ ਦੀਆਂ ਲਾਸ਼ਾਂ ਘਰ ਅੰਦਰੋਂ ਬਰਾਮਦ ਹੋਈਆਂ। ਦੋਵਾਂ ਦੇ ਸਰੀਰਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦਾ ਭਰਾ ਰੋਜ਼ਾਨਾ ਆਪਣੀ ਭਾਣਜੀ ਨੂੰ ਸਕੂਲ ਛੱਡਣ ਜਾਂਦਾ ਸੀ। ਅੱਜ ਜਦੋਂ ਉਸ ਨੇ ਆਪਣੀ ਭੈਣ ਦੇ ਪਰਿਵਾਰ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਕਾਲ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਤੁਰੰਤ ਆਪਣੀ ਭੈਣ ਦੇ ਘਰ ਪਹੁੰਚ ਗਿਆ।
ਘਰ ਦੇ ਬਾਹਰ ਤਾਲਾ ਲੱਗਾ ਹੋਇਆ ਸੀ। ਸ਼ੱਕ ਹੋਣ ’ਤੇ ਉਸ ਨੇ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਦੇਖਿਆ ਤਾਂ ਇੱਕ ਕਮਰੇ ਵਿੱਚ ਉਸ ਦੀ ਭੈਣ ਅਤੇ ਭਾਣਜੀ ਮ੍ਰਿਤਕ ਹਾਲਤ ਵਿੱਚ ਪਈਆਂ ਸਨ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਘਰੇਲੂ ਵਿਵਾਦ ਨੂੰ ਲੈ ਕੇ ਜਾਂਚ ਜਾਰੀ
ਮ੍ਰਿਤਕ ਮਹਿਲਾ ਦੇ ਭਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਉਸ ਦਾ ਜੀਜਾ ਨਸ਼ੇ ਦਾ ਆਦੀ ਸੀ ਅਤੇ ਇਸ ਕਾਰਨ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਨਸ਼ੇ ਦੀ ਮੰਗ ਅਤੇ ਘਰੇਲੂ ਤਕਰਾਰ ਨੂੰ ਲੈ ਕੇ ਕਈ ਵਾਰ ਵਿਵਾਦ ਦੀ ਸਥਿਤੀ ਬਣਦੀ ਸੀ।
ਭਰਾ ਦਾ ਦੋਸ਼ ਹੈ ਕਿ ਉਸ ਦਾ ਜੀਜਾ ਮਾਂ-ਧੀ ’ਤੇ ਹਮਲਾ ਕਰਨ ਤੋਂ ਬਾਅਦ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਲਾਂਕਿ ਘਟਨਾ ਦੇ ਪੂਰੇ ਕਾਰਨਾਂ ਅਤੇ ਹਾਲਾਤਾਂ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨਜ਼ ਬਟਾਲਾ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਘਰ ਅੰਦਰੋਂ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਸਬੰਧੀ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਐੱਸ.ਐੱਚ.ਓ. ਸਿਵਲ ਲਾਈਨਜ਼ ਮੁਤਾਬਕ ਪੁਲਿਸ ਨੂੰ ਫ਼ਰੈਂਡਜ਼ ਕਲੋਨੀ ਵਿੱਚ ਵਾਰਦਾਤ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚਣ ’ਤੇ ਮਾਂ ਅਤੇ ਧੀ ਦੀਆਂ ਲਾਸ਼ਾਂ ਮਿਲੀਆਂ। ਦੋਵਾਂ ਦੀ ਮੌਤ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਹਮਲੇ ਕਾਰਨ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਵੱਲੋਂ ਮ੍ਰਿਤਕਾ ਦੇ ਭਰਾ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ’ਤੇ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


