ਬਾਬਾ ਫਰੀਦ ਆਗਮਨ ਪੁਰਬ ਤੇ 10 ਰੋਜ਼ਾ ਚੱਲਣ ਵਾਲੇ ਕਰਾਫਟ ਮੇਲੇ ਦੀ ਹੋਈ ਸ਼ੁਰੂਆਤ
ਵਿਧਾਇਕ ਸੇਖੋ ਅਤੇ ਡਿਪਟੀ ਕਮਿਸ਼ਨਰ ਨੇ ਕੀਤਾ ਮੇਲੇ ਦਾ ਉਦਘਾਟਨ, ਵੱਖ ਵੱਖ ਰਾਜਾਂ ਦੇ ਦਸਤਕਾਰਾਂ ਨੇ ਲਗਾਈਆਂ ਸਟਾਲਾਂ, ਜ਼ਿਲ੍ਹਾ ਵਾਸੀਆਂ ਨੂੰ ਮੇਲੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਕੀਤੀ ਅਪੀਲ

ਫਰੀਦਕੋਟ
ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਤਹਿਤ ਨਵੀਂ ਦਾਣਾ ਮੰਡੀ ਵਿਖੇ ਅੱਜ ਕਰਾਫਟ ਮੇਲੇ ਦੀ ਸ਼ੁਰੂਆਤ ਹੋਈ ਜਿਸ ਦਾ ਉਦਘਾਟਨ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਕੀਤਾ। ਇਸ ਮੌਕੇ ਬੇਅੰਤ ਕੌਰ ਧਰਮ ਪਤਨੀ ਵਿਧਾਇਕ ਸੇਖੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।।

ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਮੇਲੇ ਅਤੇ ਤਿਉਹਾਰ ਸਾਡੇ ਮਹਾਨ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ। ਮੇਲੇ ਸਾਡੇ ਅਤੀਤ ਦੀ ਸ਼ਾਨ ਨੂੰ ਵਰਤਮਾਨ ਦੀ ਤਰੱਕੀ ਨਾਲ ਵੀ ਜੁੜਦੇ ਹਨ ਅਤੇ ਲੋਕਾਂ ਦੇ ਆਪਸੀ ਮੇਲ ਜੋਲ ਦਾ ਇੱਕ ਵਧੀਆ ਸੋਮਾ ਹਨ।

ਉਨ੍ਹਾਂ ਕਿਹਾ ਕਿ ਅੱਜ ਕਰਾਫਟ ਮੇਲੇ ਦੀ ਸ਼ੁਰੂਆਤ ਹੋਈ ਹੈ।ਜਿਸ ਵਿੱਚ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਦਸਤਕਾਰੀ ਦੀਆਂ ਪ੍ਰਦਰਸ਼ਨੀਆਂ ਅਤੇ ਪਕਵਾਨਾਂ ਦੇ ਸਟਾਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਰਾਫਟ ਮੇਲੇ ਦਾ ਉਦੇਸ਼ ਦੇਸ਼ ਦੀ ਕਲਾ ਤੇ ਸੰਸਕ੍ਰਿਤੀ ਨੂੰ ਇੱਕ ਪਲੇਟਫਾਰਮ ਤੇ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਕਰਾਫਟ ਮੇਲੇ ਵਿੱਚ ਪਹੁੰਚ ਕੇ ਵੱਖ ਵੱਖ ਰਾਜਾਂ ਦੀਆਂ ਦਸਤਕਾਰੀ ਦੀਆਂ ਕਲਾਕਿਰਤੀਆਂ ਨੂੰ ਵੇਖਣ ਅਤੇ ਖਰੀਦਦਾਰੀ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਇਸ ਕਰਾਫਟ ਮੇਲੇ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਦਸਤਕਾਰਾਂ ਵੱਲੋਂ ਦਸਤਕਾਰੀ ਦੀਆਂ ਪ੍ਰਦਰਸ਼ਨੀਆਂ ਅਤੇ ਤਕਰੀਬਨ 200 ਦੇ ਕਰੀਬ ਸਟਾਲਾਂ ਲਗਾਈਆਂ ਗਈਆਂ ਹਨ। ਇਸ ਮੌਕੇ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵੱਲੋਂ ਆਪਣੇ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਮੇਲੇ ਵਿੱਚ ਸ਼ਿਰਕਤ ਕੀਤੀ ਜਾਵੇ ਅਤੇ ਮੇਲੇ ਦਾ ਆਨੰਦ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਕੇਸ਼ਵ ਗੋਇਲ,ਐਸ.ਡੀ.ਐਮ.ਜੈਤੋ ਸ੍ਰੀ ਵਿਕਰਮਜੀਤ, ਡੀ.ਆਰ.ਓ ਲਵਪ੍ਰੀਤ ਕੌਰ, ਤਹਿਸੀਲਦਾਰ ਪਰਮਿੰਦਰ ਸਿੰਘ, ਸੈਕਟਰੀ ਰੈਡ ਕਰਾਸ ਸ੍ਰੀ ਮਨਦੀਪ ਮੌਂਗਾ, ਰਜਿੰਦਰ ਸਿੰਘ ਰਿੰਕੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀ ਹਾਜ਼ਰ ਸਨ।
-(ਪੰਜਾਬ ਡਾਇਰੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


