ਭੁੱਲਰ ਕੇਸ ’ਚ ਈਡੀ ਦੀ ਕਾਰਵਾਈ ਤੇਜ਼, ਕ੍ਰਿਸ਼ਨੁ ਸ਼ਾਰਦਾ ਨੂੰ 7 ਦਿਨਾਂ ਲਈ ਹਿਰਾਸਤ ’ਚ ਭੇਜਿਆ
ਈਡੀ ਨੇ ਅਦਾਲਤ ਤੋਂ ਸ਼ਾਰਦਾ ਦੀ 14 ਦਿਨਾਂ ਦੀ ਹਿਰਾਸਤ ਮੰਗੀ ਸੀ, ਪਰ ਅਦਾਲਤ ਨੇ ਸੱਤ ਦਿਨਾਂ ਦੀ ਰਿਮਾਂਡ ਮਨਜ਼ੂਰ ਕੀਤੀ। ਹੁਣ ਮੁਲਜ਼ਮ ਨੂੰ 25 ਸਤੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਚੰਡੀਗੜ੍ਹ
ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਐੱਚ.ਐੱਸ. ਭੁੱਲਰ ਨਾਲ ਜੁੜੇ ਕਥਿਤ ਰਿਸ਼ਵਤ ਮਾਮਲੇ ਵਿੱਚ ਈਡੀ ਨੇ ਆਪਣੀ ਜਾਂਚ ਹੋਰ ਅੱਗੇ ਵਧਾ ਦਿੱਤੀ ਹੈ। ਮਾਮਲੇ ਵਿੱਚ ਵਿਚੋਲੇ ਵਜੋਂ ਨਾਮਜ਼ਦ ਕ੍ਰਿਸ਼ਨੁ ਸ਼ਾਰਦਾ ਨੂੰ ਮਨੀ ਲਾਂਡਰਿੰਗ ਨਾਲ ਸਬੰਧਤ ਕੇਸ ਵਿੱਚ ਪੀ.ਐੱਮ.ਐੱਲ.ਏ. ਦੀ ਵਿਸ਼ੇਸ਼ ਅਦਾਲਤ ਨੇ ਸੱਤ ਦਿਨਾਂ ਦੀ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਈਡੀ ਨੇ ਅਦਾਲਤ ਤੋਂ ਸ਼ਾਰਦਾ ਦੀ 14 ਦਿਨਾਂ ਦੀ ਹਿਰਾਸਤ ਮੰਗੀ ਸੀ, ਪਰ ਅਦਾਲਤ ਨੇ ਸੱਤ ਦਿਨਾਂ ਦੀ ਰਿਮਾਂਡ ਮਨਜ਼ੂਰ ਕੀਤੀ। ਹੁਣ ਮੁਲਜ਼ਮ ਨੂੰ 25 ਸਤੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਈਡੀ ਨੇ ਕ੍ਰਿਸ਼ਨੁ ਸ਼ਾਰਦਾ ਨੂੰ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਪੀ.ਐੱਮ.ਐੱਲ.ਏ. ਦੀ ਧਾਰਾ 19 ਤਹਿਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਦੁਪਹਿਰ ਕਰੀਬ 12 ਵਜੇ ਉਸ ਨੂੰ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਸ਼ਾਰਦਾ ਪਹਿਲਾਂ ਹੀ ਸੀਬੀਆਈ ਦੀ ਐਂਟੀ ਕਰਪਸ਼ਨ ਬਿਊਰੋ ਵੱਲੋਂ ਪਿਛਲੇ ਸਾਲ 16 ਅਕਤੂਬਰ ਨੂੰ ਦਰਜ ਕੀਤੇ ਗਏ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸੀ।
ਈਡੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪਿਛਲੇ ਸਾਲ 6 ਨਵੰਬਰ ਨੂੰ ਦਰਜ ਕੀਤੀ ਗਈ ਈਸੀਆਈਆਰ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਸ਼ਾਰਦਾ ਤੋਂ ਹਿਰਾਸਤ ਵਿੱਚ ਪੁੱਛਗਿੱਛ ਕਰਨੀ ਜ਼ਰੂਰੀ ਹੈ। ਜਾਂਚ ਏਜੰਸੀ ਨੇ ਪੀ.ਐੱਮ.ਐੱਲ.ਏ. ਦੀ ਧਾਰਾ 19 ਅਤੇ ਬੀਐੱਨਐੱਸਐੱਸ ਦੀ ਧਾਰਾ 187(2) ਤੇ 187(3) ਦੇ ਤਹਿਤ ਹਿਰਾਸਤ ਦੀ ਮੰਗ ਕੀਤੀ ਸੀ।
5 ਲੱਖ ਰੁਪਏ ਦੀ ਰਿਸ਼ਵਤ ਦਾ ਦੋਸ਼
ਈਡੀ ਦੇ ਦੋਸ਼ ਮੁਤਾਬਕ ਕ੍ਰਿਸ਼ਨੁ ਸ਼ਾਰਦਾ ਨੇ ਐੱਚ.ਐੱਸ. ਭੁੱਲਰ ਵੱਲੋਂ ਕਥਿਤ ਤੌਰ ’ਤੇ ਮੰਗੀ ਗਈ 5 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਸਵੀਕਾਰ ਕੀਤੀ ਸੀ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਹ ਰਕਮ ਪ੍ਰਾਪਤ ਹੋਣ ਤੋਂ ਬਾਅਦ ਇਸ ਨੂੰ ਅਪਰਾਧਿਕ ਗਤੀਵਿਧੀ ਤੋਂ ਹਾਸਲ ਹੋਈ ਆਮਦਨ ਨਾਲ ਜੋੜਿਆ ਗਿਆ।
ਈਡੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭੁੱਲਰ ਅਤੇ ਸ਼ਾਰਦਾ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਦੌਰਾਨ ਦੋਵਾਂ ਵਿਚਾਲੇ ਸਬੰਧਤ ਸਮੇਂ ਵਿੱਚ ਵਾਰ-ਵਾਰ ਵ੍ਹਟਸਐਪ ’ਤੇ ਗੱਲਬਾਤ ਹੋਣ ਦੇ ਸਬੂਤ ਮਿਲੇ ਹਨ।
ਤਲਾਸ਼ੀ ਦੌਰਾਨ ਨਕਦੀ ਅਤੇ ਨਿਵੇਸ਼ਾਂ ਦਾ ਵੇਰਵਾ
ਜਾਂਚ ਏਜੰਸੀ ਮੁਤਾਬਕ ਵੱਖ-ਵੱਖ ਥਾਵਾਂ ’ਤੇ ਕੀਤੀਆਂ ਗਈਆਂ ਤਲਾਸ਼ੀਆਂ ਦੌਰਾਨ ਕ੍ਰਿਸ਼ਨੁ ਸ਼ਾਰਦਾ ਦੇ ਘਰੋਂ 8.35 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਤੋਂ ਇਲਾਵਾ ਵੱਖ-ਵੱਖ ਬੈਂਕਾਂ ਅਤੇ ਡਾਕਘਰਾਂ ਦੇ ਖਾਤਿਆਂ ਅਤੇ ਨਿਵੇਸ਼ਾਂ ਵਿੱਚ ਕੁੱਲ 1,41,56,937 ਰੁਪਏ ਦੀ ਰਕਮ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਵਿੱਚ ਕਰੀਬ 8.81 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਣ ਦੀ ਗੱਲ ਕਹੀ ਗਈ ਹੈ।
ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਸ਼ਾਰਦਾ ਦੇ ਘਰੋਂ ਲਗਭਗ 21 ਲੱਖ ਰੁਪਏ ਨਕਦ ਮਿਲਣ ਦਾ ਮਾਮਲਾ ਵੀ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।
ਪਤਨੀ ਦਾ ਬਿਆਨ ਵੀ ਜਾਂਚ ਦਾ ਹਿੱਸਾ
ਅਦਾਲਤ ਨੇ ਆਪਣੇ ਹੁਕਮ ਵਿੱਚ ਦਰਜ ਕੀਤਾ ਕਿ ਈਡੀ ਵੱਲੋਂ ਅਜਿਹੀ ਸਮੱਗਰੀ ਪੇਸ਼ ਕੀਤੀ ਗਈ ਹੈ, ਜਿਸ ਦੇ ਆਧਾਰ ’ਤੇ ਮੁਲਜ਼ਮ ਵੱਲੋਂ ਮਨੀ ਲਾਂਡਰਿੰਗ ਦਾ ਅਪਰਾਧ ਕੀਤੇ ਜਾਣ ਸਬੰਧੀ ‘ਵਿਸ਼ਵਾਸ ਕਰਨ ਦੇ ਕਾਰਨ’ ਮੌਜੂਦ ਹੋਣ ਦੀ ਗੱਲ ਕਹੀ ਗਈ।
ਅਦਾਲਤ ਵਿੱਚ ਇਹ ਵੀ ਦੱਸਿਆ ਗਿਆ ਕਿ ਕ੍ਰਿਸ਼ਨੁ ਸ਼ਾਰਦਾ ਦੀ ਪਤਨੀ ਹਨੀ ਸ਼ਰਮਾ ਦਾ ਬਿਆਨ ਈਡੀ ਵੱਲੋਂ ਇਸ ਸਾਲ 20 ਮਈ ਨੂੰ ਪੀ.ਐੱਮ.ਐੱਲ.ਏ. ਦੀ ਧਾਰਾ 50 ਤਹਿਤ ਦਰਜ ਕੀਤਾ ਗਿਆ ਸੀ। ਇਹ ਬਿਆਨ ਵੀ ਜਾਂਚ ਨਾਲ ਸਬੰਧਤ ਦਸਤਾਵੇਜ਼ਾਂ ਦੇ ਹਿੱਸੇ ਵਜੋਂ ਅਦਾਲਤ ਸਾਹਮਣੇ ਰੱਖਿਆ ਗਿਆ।
ਫਿਲਹਾਲ ਅਦਾਲਤ ਨੇ ਕ੍ਰਿਸ਼ਨੁ ਸ਼ਾਰਦਾ ਨੂੰ ਸੱਤ ਦਿਨਾਂ ਦੀ ਈਡੀ ਹਿਰਾਸਤ ਵਿੱਚ ਭੇਜਿਆ ਹੈ ਅਤੇ ਹੁਣ ਜਾਂਚ ਏਜੰਸੀ ਵੱਲੋਂ ਉਸ ਤੋਂ ਮਾਮਲੇ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
-(ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


