ਮਨਪ੍ਰੀਤ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਦਲ ਹੋਵੇ, ਭਾਰਤੀ ਜਨਤਾ ਪਾਰਟੀ, ਕਾਂਗਰਸ ਜਾਂ ਆਮ ਆਦਮੀ ਪਾਰਟੀ—ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ।

ਚੰਡੀਗੜ੍ਹ
ਸੀਨੀਅਰ ਅਕਾਲੀ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਆਲੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਹੋਰ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਅਤੇ ਨਾ ਹੀ ਭਵਿੱਖ ਵਿੱਚ ਅਜਿਹਾ ਕੋਈ ਫੈਸਲਾ ਕਰਨ ਬਾਰੇ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਦਲ ਹੋਵੇ, ਭਾਰਤੀ ਜਨਤਾ ਪਾਰਟੀ, ਕਾਂਗਰਸ ਜਾਂ ਆਮ ਆਦਮੀ ਪਾਰਟੀ—ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ।
ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਰਾਸ਼ਟਰੀ ਜਾਂ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਨਾਲ ਜੁੜਨ ਦਾ ਕੋਈ ਮਨਸੂਬਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜਨੀਤਿਕ ਦਬਾਅ ਦੇ ਬਾਵਜੂਦ ਉਹ ਨਾ ਤਾਂ ਭਾਜਪਾ, ਨਾ ਆਮ ਆਦਮੀ ਪਾਰਟੀ, ਨਾ ਕਾਂਗਰਸ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਬਾਰੇ ਕੋਈ ਵਿਚਾਰ ਕਰਨਗੇ। ਇਆਲੀ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਪਛਾਣ, ਪੰਥਕ ਰਾਜਨੀਤੀ ਅਤੇ ਸਿੱਖ ਹਿਤ ਉਨ੍ਹਾਂ ਲਈ ਸਭ ਤੋਂ ਵੱਡੇ ਮੁੱਦੇ ਹਨ ਅਤੇ ਉਹ ਇਨ੍ਹਾਂ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਗੇ।
ਪੰਜਾਬ ਅਤੇ ਪੰਥ ਦੀ ਭਲਾਈ ਲਈ ਕਰਦੇ ਰਹਿਣਗੇ ਕੰਮ
ਭਵਿੱਖ ਦੀ ਰਾਜਨੀਤੀ ਸਬੰਧੀ ਗੱਲਬਾਤ ਦੌਰਾਨ ਇਆਲੀ ਨੇ ਕਿਹਾ ਕਿ ਅਗਲੇ ਸਮੇਂ ਵਿੱਚ ਲਿਆ ਜਾਣ ਵਾਲਾ ਹਰ ਫੈਸਲਾ ਸਿੱਖ ਕੌਮ ਅਤੇ ਪੰਥਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਤਰੱਕੀ, ਪੰਜਾਬੀਅਤ ਅਤੇ ਪੰਥ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਆਪਣੇ ਸਮਰਥਕਾਂ, ਸਿੱਖ ਸੰਗਤ ਅਤੇ ਹਮਾਇਤੀਆਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਰਾਜਨੀਤਿਕ ਸਫ਼ਰ ਦੌਰਾਨ ਹਰ ਪੜਾਅ ‘ਤੇ ਉਨ੍ਹਾਂ ਦਾ ਸਾਥ ਦਿੱਤਾ।
ਅਸਤੀਫ਼ੇ ਦੇ ਕਾਰਨਾਂ ਬਾਰੇ ਵੀ ਰੱਖਿਆ ਪੱਖ
ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਅਸਤੀਫ਼ੇ ਦੇ ਕਾਰਨਾਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਜਿਨ੍ਹਾਂ ਮੁੱਦਿਆਂ ਨੂੰ ਉਹ ਲਗਾਤਾਰ ਉਠਾ ਰਹੇ ਸਨ, ਉਨ੍ਹਾਂ ਨੂੰ ਨਾ ਤਾਂ ਗੰਭੀਰਤਾ ਨਾਲ ਲਿਆ ਜਾ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਦਾ ਕੋਈ ਹੱਲ ਕੱਢਿਆ ਜਾ ਰਿਹਾ ਸੀ। ਉਨ੍ਹਾਂ ਦੇ ਅਨੁਸਾਰ ਜਦੋਂ ਪਾਰਟੀ ਵਿੱਚ ਮੁੱਖ ਮਸਲਿਆਂ ‘ਤੇ ਚਰਚਾ ਕਰਨ ਜਾਂ ਸਹਿਮਤੀ ਬਣਾਉਣ ਦੀ ਇੱਛਾ ਹੀ ਨਾ ਰਹੇ, ਤਾਂ ਅਜਿਹੇ ਅਹੁਦਿਆਂ ‘ਤੇ ਬਣੇ ਰਹਿਣ ਦਾ ਕੋਈ ਲਾਭ ਨਹੀਂ ਰਹਿੰਦਾ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


