ਦੁਬਈ ‘ਚ ਫਸੇ ਪੰਜਾਬੀ ਨੌਜਵਾਨ ਨੂੰ ਭਾਰਤੀ ਦੂਤਾਵਾਸ ਨੇ ਕਰਵਾਇਆ ਵਾਪਸ, ਕੰਪਨੀ ਨੇ ਪਾਸਪੋਰਟ ਜ਼ਬਤ ਕਰ ਰੱਖਿਆ ਸੀ
ਲਵਪ੍ਰੀਤ ਦਾ ਕਹਿਣਾ ਹੈ ਕਿ 1300 ਦਰਾਮ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਭਾਰਤੀ ਕਰੰਸੀ ਮੁਤਾਬਕ ਕਰੀਬ 33 ਹਜ਼ਾਰ ਰੁਪਏ ਬਣਦੇ ਹਨ, ਪਰ ਚਾਰ ਮਹੀਨੇ ਕੰਮ ਕਰਵਾਉਣ ਤੋਂ ਬਾਅਦ ਵੀ ਉਸ ਨੂੰ ਇੱਕ ਵੀ ਰੁਪਇਆ ਨਹੀਂ ਦਿੱਤਾ ਗਿਆ।

ਜਲੰਧਰ
ਰੋਜ਼ਗਾਰ ਦੀ ਖਾਤਰ ਦੁਬਈ ਗਏ ਪੰਜਾਬ ਦੇ ਇੱਕ ਨੌਜਵਾਨ ਨੂੰ ਉੱਥੇ ਜਾ ਕੇ ਐਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਉਸ ਨੂੰ ਆਪਣਾ ਖਰਚਾ ਚਲਾਉਣ ਲਈ ਵੀ ਮਾਪਿਆਂ ਕੋਲੋਂ ਪੈਸੇ ਮੰਗਵਾਉਣੇ ਪਏ। ਜੰਗ ਵਰਗੇ ਹਾਲਾਤਾਂ ਵਿਚਕਾਰ ਡਰ ਅਤੇ ਦਹਿਸ਼ਤ ਵਿੱਚ ਗੁਜ਼ਾਰੇ ਚਾਰ ਮਹੀਨਿਆਂ ਨੇ ਉਸਦੀ ਜ਼ਿੰਦਗੀ ਨੂੰ ਝੰਝੋੜ ਕੇ ਰੱਖ ਦਿੱਤਾ। ਜਲੰਧਰ ਦੇ ਸੋਫੀ ਪਿੰਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਥੇ ਡਰੋਨਾਂ ਅਤੇ ਮਿਜ਼ਾਇਲਾਂ ਦੇ ਖਤਰੇ ਕਾਰਨ ਹਰ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਸੀ ਅਤੇ ਹੁਣ ਵੀ ਸਾਇਰਨਾਂ ਦੀਆਂ ਆਵਾਜ਼ਾਂ ਉਸਦੇ ਕੰਨਾਂ ਵਿੱਚ ਗੂੰਜਦੀਆਂ ਹਨ। ਕੰਪਨੀ ਵੱਲੋਂ ਉਸਦਾ ਪਾਸਪੋਰਟ ਵੀ ਆਪਣੇ ਕਬਜ਼ੇ ਵਿੱਚ ਰੱਖ ਲਿਆ ਗਿਆ ਸੀ ਅਤੇ ਤਨਖਾਹ ਵੀ ਨਹੀਂ ਦਿੱਤੀ ਗਈ।
ਸੁਲਤਾਨਪੁਰ ਲੋਧੀ ਪਹੁੰਚੇ ਲਵਪ੍ਰੀਤ ਸਿੰਘ ਨੇ ਨਿਰਮਲ ਕੁਟੀਆ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਉਸਨੇ ਦੱਸਿਆ ਕਿ ਇੱਕ ਟ੍ਰੈਵਲ ਏਜੰਟ ਨੇ ਉਸ ਨਾਲ ਧੋਖਾਧੜੀ ਕੀਤੀ ਅਤੇ ਦੋ ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ ਦੁਬਈ ਭੇਜ ਦਿੱਤਾ। ਉਸਨੂੰ ਕਿਹਾ ਗਿਆ ਸੀ ਕਿ ਪੈਕਿੰਗ ਦਾ ਆਸਾਨ ਕੰਮ ਮਿਲੇਗਾ, ਪਰ ਉੱਥੇ ਪਹੁੰਚਣ ‘ਤੇ ਉਸ ਨੂੰ ਇੱਕ ਸਟੀਲ ਕੰਪਨੀ ਵਿੱਚ ਕੰਮ ਕਰਨਾ ਪਿਆ। ਲਵਪ੍ਰੀਤ ਦਾ ਕਹਿਣਾ ਹੈ ਕਿ 1300 ਦਰਾਮ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਭਾਰਤੀ ਕਰੰਸੀ ਮੁਤਾਬਕ ਕਰੀਬ 33 ਹਜ਼ਾਰ ਰੁਪਏ ਬਣਦੇ ਹਨ, ਪਰ ਚਾਰ ਮਹੀਨੇ ਕੰਮ ਕਰਵਾਉਣ ਤੋਂ ਬਾਅਦ ਵੀ ਉਸ ਨੂੰ ਇੱਕ ਵੀ ਰੁਪਇਆ ਨਹੀਂ ਦਿੱਤਾ ਗਿਆ।
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਮਾਰ ਹੋਣ ਦੇ ਬਾਵਜੂਦ ਕੰਪਨੀ ਵੱਲੋਂ ਉਸਦਾ ਇਲਾਜ ਵੀ ਨਹੀਂ ਕਰਵਾਇਆ ਗਿਆ। ਉਸਦੀ ਹਾਲਤ ਖ਼ਰਾਬ ਹੋਣ ਕਾਰਨ ਪਰਿਵਾਰ ਚਿੰਤਾ ਵਿੱਚ ਡੁੱਬ ਗਿਆ। ਇਸ ਮਗਰੋਂ ਉਸਦੀ ਮਾਂ ਨੇ 6 ਅਪ੍ਰੈਲ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚ ਕਰਕੇ ਆਪਣੇ ਇਕਲੌਤੇ ਪੁੱਤਰ ਨੂੰ ਵਾਪਸ ਲਿਆਉਣ ਲਈ ਬੇਨਤੀ ਕੀਤੀ। ਲਵਪ੍ਰੀਤ ਦੀ ਮਾਤਾ ਨੇ ਦੋਸ਼ ਲਾਇਆ ਕਿ ਜਦੋਂ ਵੀ ਉਸਦਾ ਪੁੱਤਰ ਤਨਖਾਹ ਮੰਗਦਾ ਸੀ ਤਾਂ ਕੰਪਨੀ ਦੇ ਲੋਕ ਉਸ ਨੂੰ ਡਰਾਉਂਦੇ ਅਤੇ ਧਮਕਾਉਂਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਨਵੀਆਂ ਉਮੀਦਾਂ ਨਾਲ ਵਿਦੇਸ਼ ਭੇਜਿਆ ਸੀ, ਪਰ ਉੱਥੇ ਉਸ ਨਾਲ ਧੋਖਾ ਹੋ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ 13 ਮਈ ਨੂੰ ਲਵਪ੍ਰੀਤ ਸਿੰਘ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਅਤੇ ਕਾਨੂੰਨੀ ਤਰੀਕੇ ਨਾਲ ਹੀ ਵਿਦੇਸ਼ ਜਾਣ। ਨਾਲ ਹੀ ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਨਾਲ ਨੌਜਵਾਨ ਦੀ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ।
–(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


