ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ‘ਤੇ ਹਮਲੇ ਦਾ ਮਾਮਲਾ, ਦੋ ਨੌਜਵਾਨ ਗ੍ਰਿਫ਼ਤਾਰ
ਪੁਲਿਸ ਨੇ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ
ਅਟਾਰੀ-ਵਾਘਾ ਸਰਹੱਦ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਬੱਸ ‘ਤੇ ਦੋ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਸਰੀਰਕ ਸੱਟ ਨਹੀਂ ਲੱਗੀ, ਪਰ ਇੱਕ ਯਾਤਰੀ ਦਾ ਮੋਬਾਈਲ ਫੋਨ ਟੁੱਟ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਬੱਸ ਅੱਗੇ ਗੱਡੀ ਲਾ ਕੇ ਕੀਤਾ ਹੰਗਾਮਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ 21 ਜੁਲਾਈ 2026 ਨੂੰ ਸਵੇਰੇ ਕਰੀਬ 4:30 ਵਜੇ ਗੱਡੀ ਨੰਬਰ UP-70-LT-0183 ਰਾਹੀਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਤੋਂ ਰਵਾਨਾ ਹੋਏ ਸਨ। ਕਰੀਬ 5:41 ਵਜੇ ਵਾਘਾ ਸਰਹੱਦ ਨੇੜੇ ਇੱਕ ਸਵਿਫਟ ਕਾਰ PB10-HH-4477 ਦੇ ਸਵਾਰਾਂ ਨੇ ਬੱਸ ਦੇ ਅੱਗੇ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਜਦੋਂ ਬੱਸ ਸਟਾਫ਼ ਨੇ ਉਨ੍ਹਾਂ ਨੂੰ ਰੋਕਿਆ ਤਾਂ ਦੋਵੇਂ ਨੌਜਵਾਨਾਂ ਨੇ ਕਾਰ ਬੱਸ ਅੱਗੇ ਖੜ੍ਹੀ ਕਰ ਦਿੱਤੀ ਅਤੇ ਗਾਲੀ-ਗਲੌਚ ਕਰਦਿਆਂ ਬੇਸਬਾਲ ਅਤੇ ਗੰਡਾਸੇ ਕੱਢ ਲਏ।
ਸ਼ਰਧਾਲੂ ‘ਤੇ ਹਮਲੇ ਦਾ ਦੋਸ਼
ਸ਼ਿਕਾਇਤਕਰਤਾ ਅਨੁਸਾਰ ਹਮਲੇ ਦੌਰਾਨ ਮਨਜੀਤ ਸਿੰਘ ‘ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਮਲੇ ਦਾ ਵਾਰ ਉਸ ਦੇ ਮੋਬਾਈਲ ‘ਤੇ ਲੱਗਣ ਕਾਰਨ ਮੋਬਾਈਲ ਟੁੱਟ ਗਿਆ। ਉਸ ਵੇਲੇ ਬੱਸ ਵਿੱਚ ਕਰੀਬ 45 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਅਤੇ ਬਜ਼ੁਰਗ ਸ਼ਾਮਲ ਸਨ। ਸ਼ਿਕਾਇਤ ਵਿੱਚ ਇੱਕ ਦਿਵਿਆਂਗ ਸ਼ਰਧਾਲੂ ਨੂੰ ਧੱਕਾ ਦੇਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ BNS ਦੀਆਂ ਧਾਰਾਵਾਂ 281, 125A, 126(2), 351 ਅਤੇ 109 ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


