Thursday, September 24, 2026
Google search engine
Homeਤਾਜ਼ਾ ਖਬਰਸਰਕਾਰ ਨਾਲ ਬਣੀ ਸਹਿਮਤੀ, ਪਟਵਾਰੀਆਂ ਨੇ ਵਾਪਸ ਲਈ ਹੜਤਾਲ; ਭਰਤੀ ਅਤੇ ਕਾਡਰ...

ਸਰਕਾਰ ਨਾਲ ਬਣੀ ਸਹਿਮਤੀ, ਪਟਵਾਰੀਆਂ ਨੇ ਵਾਪਸ ਲਈ ਹੜਤਾਲ; ਭਰਤੀ ਅਤੇ ਕਾਡਰ ਬਦਲਾਅ ’ਤੇ ਵੱਡਾ ਫ਼ੈਸਲਾ

ਸਰਕਾਰ ਨਾਲ ਬਣੀ ਸਹਿਮਤੀ, ਪਟਵਾਰੀਆਂ ਨੇ ਵਾਪਸ ਲਈ ਹੜਤਾਲ; ਭਰਤੀ ਅਤੇ ਕਾਡਰ ਬਦਲਾਅ ’ਤੇ ਵੱਡਾ ਫ਼ੈਸਲਾ

ਮੀਟਿੰਗ ਦੌਰਾਨ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਮੰਗਾਂ ਸਬੰਧੀ ਕਈ ਅਹਿਮ ਫ਼ੈਸਲੇ ਲਏ ਗਏ, ਜਿਸ ਤੋਂ ਬਾਅਦ ਯੂਨੀਅਨ ਨੇ ਕੰਮ ’ਤੇ ਵਾਪਸ ਆਉਣ ਲਈ ਸਹਿਮਤੀ ਪ੍ਰਗਟਾਈ।

ਚੰਡੀਗੜ੍ਹ

ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੀ ਰੈਵੇਨਿਊ ਪਟਵਾਰ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਮੀਟਿੰਗ ਦੌਰਾਨ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਮੰਗਾਂ ਸਬੰਧੀ ਕਈ ਅਹਿਮ ਫ਼ੈਸਲੇ ਲਏ ਗਏ, ਜਿਸ ਤੋਂ ਬਾਅਦ ਯੂਨੀਅਨ ਨੇ ਕੰਮ ’ਤੇ ਵਾਪਸ ਆਉਣ ਲਈ ਸਹਿਮਤੀ ਪ੍ਰਗਟਾਈ।

ਮੀਟਿੰਗ ਦੌਰਾਨ ਸਰਕਾਰ ਨੇ ਸੂਬੇ ਵਿੱਚ 1,000 ਤੋਂ ਵੱਧ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਭਰਤੀ ਸਬੰਧੀ ਲੋੜੀਂਦੀ ਕਾਰਵਾਈ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਭਰਤੀ ਹੋਣ ਨਾਲ ਪਟਵਾਰੀਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲੇਗਾ। ਉਨ੍ਹਾਂ ਮੁਤਾਬਕ ਪਟਵਾਰੀ ਮਾਲ ਵਿਭਾਗ ਨਾਲ ਜੁੜੇ ਅਨੇਕਾਂ ਕੰਮਾਂ ਲਈ ਲੋਕਾਂ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ, ਇਸ ਲਈ ਖਾਲੀ ਅਹੁਦੇ ਭਰੇ ਜਾਣ ਨਾਲ ਰੋਜ਼ਾਨਾ ਦੇ ਪ੍ਰਸ਼ਾਸਨਿਕ ਕੰਮਾਂ ਵਿੱਚ ਤੇਜ਼ੀ ਆਵੇਗੀ।

ਪਟਵਾਰੀ ਕਾਡਰ ਨੂੰ ਲੈ ਕੇ ਵੀ ਸਹਿਮਤੀ

ਮੀਟਿੰਗ ਵਿੱਚ ਪਟਵਾਰੀ ਕਾਡਰ ਨੂੰ ਰਾਜ ਪੱਧਰ ਤੋਂ ਮੁੜ ਜ਼ਿਲ੍ਹਾ ਪੱਧਰ ’ਤੇ ਲਿਆਉਣ ਦੀ ਮੰਗ ’ਤੇ ਵੀ ਚਰਚਾ ਹੋਈ। ਸਰਕਾਰ ਨੇ ਇਸ ਮੰਗ ਨੂੰ ਸਿਧਾਂਤਕ ਤੌਰ ’ਤੇ ਮਨਜ਼ੂਰੀ ਦੇਣ ਲਈ ਸਹਿਮਤੀ ਜਤਾਈ ਹੈ। ਇਸ ਤਬਦੀਲੀ ਨਾਲ ਪਟਵਾਰੀਆਂ ਦੀ ਸੀਨੀਆਰਤਾ ਅਤੇ ਤਰੱਕੀਆਂ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।

ਸਰਕਾਰ ਵੱਲੋਂ ਦੱਸਿਆ ਗਿਆ ਕਿ ਪਟਵਾਰੀ ਕਾਡਰ ਨੂੰ ਮੁੜ ਜ਼ਿਲ੍ਹਾ ਪੱਧਰੀ ਕਰਨ ਲਈ ਮੰਤਰੀ ਮੰਡਲ ਦੀ ਰਸਮੀ ਪ੍ਰਵਾਨਗੀ ਦੀ ਪ੍ਰਕਿਰਿਆ ਵੀ ਜਲਦ ਅੱਗੇ ਵਧਾਈ ਜਾਵੇਗੀ।

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ’ਤੇ ਸਰਕਾਰ ਗੰਭੀਰ: CM

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਅਤੇ ਉਨ੍ਹਾਂ ਦੀ ਭਲਾਈ ਨੂੰ ਲੈ ਕੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਕਾਰ ਗੱਲਬਾਤ ਰਾਹੀਂ ਮਸਲੇ ਹੱਲ ਕਰਨਾ ਹੀ ਸਥਾਈ ਹੱਲ ਦਾ ਰਸਤਾ ਹੈ।

ਉਨ੍ਹਾਂ ਪਟਵਾਰੀਆਂ ਨੂੰ ਆਪਣੀਆਂ ਡਿਊਟੀਆਂ ਪੂਰੀ ਜ਼ਿੰਮੇਵਾਰੀ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਸਮੇਂ ਸਿਰ ਪਹੁੰਚਾਉਣ ਵਿੱਚ ਪਟਵਾਰੀਆਂ ਦੀ ਅਹਿਮ ਭੂਮਿਕਾ ਹੈ।

ਮੁੱਖ ਮੰਤਰੀ ਨੇ ਯੂਨੀਅਨ ਨੂੰ ਇਹ ਵੀ ਅਪੀਲ ਕੀਤੀ ਕਿ ਭਵਿੱਖ ਵਿੱਚ ਸੇਵਾ ਨਾਲ ਸਬੰਧਤ ਕਿਸੇ ਵੀ ਜਾਇਜ਼ ਮਸਲੇ ਨੂੰ ਲੈ ਕੇ ਹੜਤਾਲ ਦੀ ਥਾਂ ਸਰਕਾਰ ਨਾਲ ਗੱਲਬਾਤ ਅਤੇ ਆਪਸੀ ਵਿਚਾਰ-ਵਟਾਂਦਰੇ ਰਾਹੀਂ ਹੱਲ ਕੱਢਣ ਨੂੰ ਤਰਜੀਹ ਦਿੱਤੀ ਜਾਵੇ।

ਹੜਤਾਲ ਖ਼ਤਮ ਹੋਣ ਅਤੇ ਨਵੀਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਫ਼ੈਸਲੇ ਤੋਂ ਬਾਅਦ ਹੁਣ ਮਾਲ ਵਿਭਾਗ ਨਾਲ ਸਬੰਧਤ ਕੰਮਕਾਜ ਵਿੱਚ ਤੇਜ਼ੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।

-(ਪੰਜਾਬੀ ਜਾਗਰਣ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments