22 ਜੂਨ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸੱਦਾ
ਮੀਟਿੰਗ ਸਬੰਧੀ ਸਾਰੇ ਮੰਤਰੀਆਂ ਨੂੰ ਰਸਮੀ ਸੱਦਾ ਭੇਜ ਦਿੱਤਾ ਗਿਆ ਹੈ, ਪਰ ਹਾਲੇ ਤੱਕ ਇਸ ਦਾ ਅਧਿਕਾਰਕ ਏਜੰਡਾ ਜਨਤਕ ਨਹੀਂ ਕੀਤਾ ਗਿਆ।

ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 22 ਜੂਨ, ਸੋਮਵਾਰ ਨੂੰ ਰਾਜ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਇਹ ਬੈਠਕ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਦੁਪਹਿਰ 12 ਵਜੇ ਆਯੋਜਿਤ ਕੀਤੀ ਜਾਵੇਗੀ। ਮੀਟਿੰਗ ਸਬੰਧੀ ਸਾਰੇ ਮੰਤਰੀਆਂ ਨੂੰ ਰਸਮੀ ਸੱਦਾ ਭੇਜ ਦਿੱਤਾ ਗਿਆ ਹੈ, ਪਰ ਹਾਲੇ ਤੱਕ ਇਸ ਦਾ ਅਧਿਕਾਰਕ ਏਜੰਡਾ ਜਨਤਕ ਨਹੀਂ ਕੀਤਾ ਗਿਆ।
ਸਰਕਾਰੀ ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਅਤੇ ਸਰਕਾਰ ਸਾਹਮਣੇ ਮੌਜੂਦ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਹੀ ਰਾਜ ਦੇ ਵਿਕਾਸ ਪ੍ਰੋਜੈਕਟਾਂ, ਪ੍ਰਸ਼ਾਸਨਿਕ ਮਸਲਿਆਂ ਅਤੇ ਲੋਕ ਭਲਾਈ ਨਾਲ ਸਬੰਧਤ ਹੋਰ ਅਹਿਮ ਵਿਸ਼ਿਆਂ ਨੂੰ ਵੀ ਵਿਚਾਰ ਲਈ ਰੱਖੇ ਜਾਣ ਦੀ ਸੰਭਾਵਨਾ ਹੈ। ਇਸ ਬੈਠਕ ਨੂੰ ਖਾਸ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਪੰਜਾਬ ਕੈਬਨਿਟ ਦੇ ਮੰਤਰੀਆਂ ਨੂੰ 29 ਜੂਨ ਨੂੰ ਪੇਸ਼ ਹੋਣ ਲਈ ਰਸਮੀ ਪੱਤਰ ਭੇਜੇ ਗਏ ਹਨ।
ਇਸ ਮਾਮਲੇ ਨੂੰ ਲੈ ਕੇ ਚੱਲ ਰਹੀਆਂ ਸਿਆਸੀ ਚਰਚਾਵਾਂ ਅਤੇ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਇਹ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿ ਕੈਬਨਿਟ ਮੀਟਿੰਗ ਵਿੱਚ ਇਸ ਵਿਸ਼ੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਕਈ ਅਹਿਮ ਫੈਸਲਿਆਂ ਦੀ ਦਿਸ਼ਾ ਆਉਣ ਵਾਲੇ ਦਿਨਾਂ ਵਿੱਚ ਇਸ ਮੀਟਿੰਗ ਰਾਹੀਂ ਤੈਅ ਹੋ ਸਕਦੀ ਹੈ। ਇਸੇ ਕਾਰਨ 22 ਜੂਨ ਨੂੰ ਹੋਣ ਵਾਲੀ ਇਸ ਕੈਬਨਿਟ ਬੈਠਕ ‘ਤੇ ਸਿਆਸੀ ਹਲਕਿਆਂ ਦੀ ਖਾਸ ਨਜ਼ਰ ਟਿਕੀ ਹੋਈ ਹੈ।
-(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


