Breaking- ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਸ. ਭਗਤ ਸਿੰਘ ਦਾ ਜਨਮ-ਦਿਨ ਮਨਾਇਆ
ਫਰੀਦਕੋਟ, 28 ਸਤੰਬਰ – (ਪੰਜਾਬ ਡਾਇਰੀ) ਬਾਬਾ ਫਰੀਦ ਜੀ ਦੀ ਰਹਿਮਤ ਅਤੇ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਹਿੰਦੁਸਤਾਨ ਦੀ ਚੋਟੀ ਦੀ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ-ਦਿਨ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ ਮੌਕੇ ਸਮੂਹ ਸਟਾਫ਼ ਨੇ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ । ਇਸ ਮੌਕੇ ਵੱਖ-ਵੱਖ ਅਧਿਆਪਕਾਂ ਨੇ ਆਪਣੇ ਭਾਸ਼ਣਾਂ ਅਤੇ ਕਵਿਤਾਵਾਂ ਰਾਹੀਂ ਭਗਤ ਸਿੰਘ ਦੇ ਜੀਵਨ, ਸੋਚ, ਕੁਰਬਾਨੀ ਅਤੇ ਸਮੁਚੇ ਦੇਸ਼-ਭਗਤਾਂ ਸਦਕਾ ਮਿਲੀ ਆਜ਼ਾਦੀ ਪ੍ਰਤੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਮੇਤ ਹੋਰਨਾਂ ਦੇਸ਼-ਭਗਤਾਂ ਨੂੰ ਵੀ ਸਿਜਦਾ ਕਰਦਿਆਂ ਕਿਹਾ ਕਿ ਅੱਜ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ 115ਵਾਂ ਜਨਮ-ਦਿਨ ਮਨਾਇਆ ਜਾ ਰਿਹਾ ਹੈ । ਅੱਜ ਸਮੁੱਚਾ ਦੇਸ਼ ਉਨ੍ਹਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ। ਉਨ੍ਹਾਂ ਆਪਣੇ ਸੰਬੋਧਨ ਵਿਚ ਬੋਲਦਿਆਂ ਕਿਹਾ ਕਿ ਭਗਤ ਸਿੰਘ ਇੱਕ ਵਿਅਕਤੀ ਨਹੀਂ, ਬਲਕਿ ਇੱਕ ਸੋਚ ਸੀ ।
ਇਹ ਸੋਚ ਅੱਜ ਵੀ ਸਾਡੇ ਦਿਲਾਂ ਅੰਦਰ ਸਮੋਈ ਹੋਈ ਹੈ । ਉਹ ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਸਾਹਿਤ ਅਤੇ ਮਾਰਕਸਵਾਦ ਸਿਧਾਂਤ ਦਾ ਅਧਿਐਨ ਕਰਦਾ ਅਤੇ ਇੱਕ ਨਵਾਂ-ਨਰੋਆ ਸਮਾਜ ਸਿਰਜਣ ਦਾ ਜਜ਼ਬਾ ਰੱਖਦਾ ਸੀ । ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ ਮੰਨਦਿਆਂ ਉਹ ਸਿਰਫ਼ 23 ਸਾਲ ਦੀ ਉਮਰ ਵਿੱਚ ਹੀ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਗਿਆ। ਸਾਨੂੰ ਵੀ ਉਹਨਾਂ ਵਾਂਗ ਆਪਣੀ ਸੋਚ ਹਮੇਸ਼ਾ ਸਕਾਰਾਤਮਕ ਰੱਖਣੀ ਚਾਹੀਦੀ ਹੈ। ਸਾਨੂੰ ਅਜਿਹੇ ਦੇਸ਼-ਭਗਤਾਂ ਦੇ ਸੁਫ਼ਨਿਆਂ ਦਾ ਸਮਾਜ ਅਤੇ ਦੇਸ਼ ਸਿਰਜਣ ਦੀ ਸਖ਼ਤ ਜ਼ਰੂਰਤ ਹੈ । ਫ਼ਿਲਮੀ ਨਾਇਕ ਨਹੀਂ , ਬਲਕਿ ਅਜਿਹੇ ਦੇਸ਼ ਭਗਤਾਂ ਹੀ ਸਾਡੇ ਅਸਲੀ ਹੀਰੋ ਹਨ । ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਵੀ ਦੇਸ਼ ਭਗਤਾਂ ਦੀਆਂ ਜੀਵਨੀਆਂ, ਉਨ੍ਹਾਂ ਦੇ ਕੰਮਾਂ ਅਤੇ ਕੁਰਬਾਨੀਆਂ ਬਾਰੇ ਵੱਧ ਤੋਂ ਵੱਧ ਪੜ੍ਹਨ ਅਤੇ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣ ਤਾਂ ਜੋ ਸਾਡੇ ਦੇਸ਼ ਦੇ ਇਨ੍ਹਾਂ ਅਸਲੀ ਨਾਇਕਾਂ ਨੂੰ ਸਾਡੀਆਂ ਨਵੀਆਂ ਪੀੜ੍ਹੀਆਂ ਵੀ ਯਾਦ ਰੱਖਣ ਅਤੇ ਉਨ੍ਹਾਂ ਦੀ ਸੋਚ ਤੋਂ ਜਜ਼ਬਾ ਅਤੇ ਪ੍ਰੇਰਨਾ ਲੈਂਦੀਆਂ ਰਹਿਣ ।
ਉਹਨਾਂ ਨੇ ਕਿਹਾ ਕਿ ਅਧਿਆਪਕ ਇੱਕ ਰਾਸ਼ਟਰ ਨਿਰਮਾਤਾ ਤੇ ਉਹ ਜਿਵੇਂ ਚਾਹੇ ਉਵੇਂ ਹੀ ਨਵੀਂ ਪੀੜ੍ਹੀ ਦੀ ਸਿਰਜਨਾ ਕਰ ਸਕਦਾ ਹੈ ਤੇ ਉਹ ਪੂਰੀ ਉਮੀਦ ਕਰਦੇ ਹਨ ਕਿ ਅਧਿਆਪਕ ਸਕੂਲ ਵਿੱਚ ਪੜ੍ਹ ਰਹੇ 5000 ਤੋਂ ਉੱਪਰ ਵਿਦਿਆਰਥੀਆਂ ਦੀ ਸੋਚ ਨੂੰ ਸਕਾਰਾਤਮਕ ਬਣਾ ਸਕਦੇ ਹਨ ਤਾਂ ਜੋ ਉਹ ਦੇਸ਼ ਤੇ ਦੇਸ਼ ਵਾਸੀਆਂ ਬਾਰੇ ਕੁਝ ਕਰਨ ਦਾ ਜ਼ਜ਼ਬਾ ਰੱਖਣ। ਆਖ਼ਿਰ ਵਿੱਚ ਸਮੂਹ ਸਟਾਫ਼ ਨੇ ਅਜਿਹੇ ਦੇਸ਼ ਭਗਤਾਂ ਦੀ ਕੁਰਬਾਨੀ ਅਤੇ ਸੋਚ ਨੂੰ ਯਾਦ ਰੱਖਣ ਅਤੇ ਉਨ੍ਹਾਂ ਦੇ ਦਰਸਾਏ ਹੋਏ ਰਾਹਾਂ ‘ਤੇ ਚੱਲਣ ਦਾ ਪ੍ਰਣ ਕੀਤਾ ।