Breaking- ਕਾਮਰੇਡ ਗੁਰਮੇਲ ਸਿੰਘ ਮੋਗਾ ਨੂੰ ਜਨਮ ਦਿਨ ਮੌਕੇ ਕੀਤਾ ਯਾਦ
ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ 19 ਅਕਤੂਬਰ ਨੂੰ ਕੋਟਕਪੂਰਾ ਰੋਸ ਧਰਨੇ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ,
ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਜਾਰੀ ਕਰੇ ਤੇ 38 ਫੀਸਦੀ ਡੀ ਏ ਦੇਣ ਦਾ ਐਲਾਨ ਕਰੇ – ਪੈਨਸ਼ਨਰ ਆਗੂ
ਕੋਟਕਪੂਰਾ, 10 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਇਸ ਸਮੇਂ ਕੇਂਦਰ ਸਰਕਾਰ ਅਤੇ ਗੁਆਂਢੀ ਰਾਜਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲੋਂ 10 ਫ਼ੀਸਦੀ ਮਹਿੰਗਾਈ ਭੱਤਾ ਘੱਟ ਲੈ ਰਹੇ ਹਨ ਕਿਉਂਕਿ ਪੰਜਾਬ ਨੇ ਡੀ.ਏ. ਦੀਆਂ ਬਣਦੀਆਂ ਤਿੰਨ ਕਿਸ਼ਤਾਂ ਰੋਕੀਆਂ ਹੋਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਚ ਭਾਰੀ ਰੋਸ ਹੈ। ਇਸ ਰੋਸ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗਡ਼੍ਹ ਵੱਲੋਂ 17 ਤੋੰ 21 ਅਕਤੂਬਰ ਤੱਕ ਰੂਸ ਹਫਤਾ ਮਨਾਉਂਦੇ ਹੋਏ ਜ਼ਿਲ੍ਹਾ ਪੱਧਰੀ ਰੈਲੀਆਂ ਕਰਨ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਉਲੀਕੇ ਗਏ ਐਕਸ਼ਨ ਪ੍ਰੋਗਰਾਮ ਦੀ ਤਿਆਰੀ ਹਿੱਤ ਪੰਜਾਬ ਪੈਨਸ਼ਨਰਜ ਯੂਨੀਅਨ ( ਏਟਕ ) ਜਿਲਾ ਫਰੀਦਕੋਟ ਦੀ ਮੀਟਿੰਗ ਅੱਜ ਇੱਥੇ ਸ਼ਹੀਦ ਭਗਤ ਸਿੰਘ ਪਾਰਕ ਪੁਰਾਣਾ ਸ਼ਹਿਰ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ , ਅਸ਼ੋਕ ਕੌਸ਼ਲ, ਸੁਖਚੈਨ ਸਿੰਘ ਥਾਂਦੇਵਾਲਾ, ਨਛੱਤਰ ਸਿੰਘ ਭਾਣਾ, ਪ੍ਰਿੰਸੀਪਲ ਬਲਵੀਰ ਸਿੰਘ ਬਰਾੜ ਅਤੇ ਸੋਮ ਨਾਥ ਅਰੋੜਾ ਨੇ ਕਿਹਾ ਕਿ ਚੋਣਾਂ ਸਮੇਂ ‘ਆਮ ਆਦਮੀ ਪਾਰਟੀ ਦੇ ਸੁਪਰੀਮੋ ‘ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨਾਲ ਇਕਰਾਰਨਾਮਾ’ ਸਿਰਲੇਖ ਹੇਠ ਕਈ ਵਾਅਦੇ ਕੀਤੇ ਸਨ । ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਗਏ ਇਨ੍ਹਾਂ ਚੋਣ ਵਾਅਦਿਆਂ ਨੂੰ ਪੂਰੇ ਕਰਨ ਲਈ ਭਗਵੰਤ ਸਿੰਘ ਮਾਨ ਸਰਕਾਰ ਨੇ 6 ਮਹੀਨੇ ਬੀਤ ਜਾਣ ਦੇ ਬਾਅਦ ‘ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ’ ਤੇ ਅਜੇ ਤੱਕ ਇੱਕ ਵੀ ਵਾਅਦਾ ਵਫਾ ਨਹੀਂ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਬਕਾਇਆ ਪਈਆਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਦੀਵਾਲੀ ਤੋਂ ਪਹਿਲਾਂ ਦੇ ਕੇ 38 ਫ਼ੀਸਦੀ ਬਣਦਾ ਡੀ ਏ ਦਿੱਤਾ ਜਾਵੇ । ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦੇ ਪੂਰੇ ਅਖ਼ਬਾਰੀ ਪੰਨੇ ਦੇ ਇਸ਼ਤਿਹਾਰ ‘ਸਾਡਾ ਕੰਮ ਬੋਲਦਾ ਹੈ’ ਦੇ ਸਿਰਲੇਖ ਹੇਠ ਦੇ ਕੇ ਗੁਜਰਾਤ ਅਤੇ ਹਿਮਾਚਲ ਦੇ ਵੋਟਰਾਂ ਨੂੰ ਭਰਮਾਉਣ ਲਈ ਪੰਜਾਬ ਦੀ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਮੀਟਿੰਗ ਦੌਰਾਨ ਪੰਜਾਬ ਰੋਡਵੇਜ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਮਰਹੂਮ ਆਗੂ ਸਾਥੀ ਗੁਰਮੇਲ ਸਿੰਘ ਮੋਗਾ ਨੂੰ ਉਨ੍ਹਾਂ ਦੇ 10 ਅਕਤੂਬਰ ਨੂੰ ਜਨਮ ਦਿਨ ਮੌਕੇ ਉਨ੍ਹਾਂ ਵੱਲੋਂ ਮੁਲਾਜ਼ਮ ਸੰਘਰਸ਼ਾਂ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਪ੍ਰਤੀ ਯਾਦ ਕੀਤਾ ਗਿਆ। ਪਿਛਲੇ ਦਿਨੀਂ ਪੈਨਸ਼ਨਰ ਸਾਥੀ ਸੁਭਾਸ਼ ਕੁਮਾਰ ਚੌਧਰੀ , ਸੇਵਾ ਮੁਕਤ ਵੋਕੇਸ਼ਨਲ ਅਧਿਆਪਕ ਦੀ ਅਚਾਨਕ ਹੋਈ ਮੌਤ ਤੇ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ ਪਹੁੰਚਾਉਣ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਮਨਾਏ ਜਾ ਰਹੇ ਰੂਸ ਹਫ਼ਤੇ ਦੀ ਕੜੀ ਵਿੱਚ 19 ਅਕਤੂਬਰ ਨੂੰ ਕੋਟਕਪੂਰਾ ਦੇ ਲਾਲਾ ਲਾਜਪਤ ਰਾਏ ਮਿਊੰਸਪਲ ਪਾਰਕ ਵਿੱਚ 11 ਵਜੇ ਦਿੱਤੇ ਜਾ ਰਹੇ ਧਰਨੇ ਵਿੱਚ ਪੰਜਾਬ ਪੈਨਸ਼ਨਰ ਯੂਨੀਅਨ ਵਧ ਚੜ੍ਹ ਕੇ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ । ਜਥੇਬੰਦੀ ਦੇ ਜਨਰਲ ਸਕੱਤਰ ਅਸ਼ੋਕ ਕੌਸ਼ਲ ਨੇ ਆਪਣੇ ਹੋਰ ਰੁਝੇਵਿਆਂ ਕਾਰਨ ਸਵੈ ਇੱਛਾ ਨਾਲ ਜਨਰਲ ਸਕੱਤਰ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ ਜਿਸ ਨੂੰ ਮੀਟਿੰਗ ਨੇ ਮਨਜੂਰ ਕਰਕੇ ਸਰਵ ਸੰਮਤੀ ਨਾਲ ਸਾਥੀ ਪ੍ਰੇਮ ਚਾਵਲਾ ਨੂੰ ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲਾ ਫਰੀਦਕੋਟ ਦੇ ਜਿਲਾ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਸੁਪਰਡੈਂਟ ਅਸ਼ੋਕ ਚਾਵਲਾ, ਰਮੇਸ਼ ਢੈਪਈ, ਗੁਰਾ ਸਿੰਘ ਢਿਲਵਾਂ, ਬਿੱਕਰ ਸਿੰਘ ਗੋਂਦਾਰਾ, ਕਰਨੈਲ ਸਿੰਘ ਸੋਲੰਕੀ, ਮੇਜਰ ਸਿੰਘ ਡੀ.ਪੀ.ਈ, ਦਰਸ਼ਨ ਸਿੰਘ ਢਿੱਲਵਾਂ, ਗੇਜ ਰਾਮ ਭੌਰਾ, ਮੇਜਰ ਸਿੰਘ ਬਰਗਾੜੀ , ਜਸਵੀਰ ਸਿੰਘ ਸਰਾਵਾਂ ਤੇ ਮੇਜਰ ਸਿੰਘ ਪੰਜਗਰਾਈਂ ਕਲਾਂ ਅਦਿ ਸ਼ਾਮਲ ਸਨ ।