ਵਿਕਾਸ ਮਿਸ਼ਨ ਨੇ ਅੰਬੇਡਕਰ ਪਾਰਕ ਅਤੇ ਚੌਂਕ ਸਬੰਧੀ ਡੀ.ਸੀ. ਨਾਲ ਮੁਲਾਕਾਤ ਕੀਤੀ : ਢੋਸੀਵਾਲ
ਹਾਲਤ ਸੁਧਾਰਨ ਦਾ ਭਰੋਸਾ ਮਿਲਿਆ
ਸ੍ਰੀ ਮੁਕਤਸਰ ਸਾਹਿਬ, 28 ਮਾਰਚ – ਕਰੀਬ ਪੰਦਰਾਂ ਸਾਲ ਪਹਿਲਾਂ ਜਿਲਾ ਪ੍ਰਬੰਧਕੀ ਕੰਪਲੈਕਸ ਕੋਲ ਬਣੇ ਡਾ. ਅੰਬੇਡਕਰ ਪਾਰਕ ਅਤੇ ਪੱਚੀ ਸਾਲ ਤੋਂ ਵੱਧ ਸਮਾਂ ਪਹਿਲਾਂ ਮੇਨ ਬੱਸ ਸਟੈਂਡ ਕੋਲ ਬਣੇ ਡਾ. ਅੰਬੇਡਕਰ ਚੌਂਕ ਦੀ ਹਾਲਤ ਬੇਹੱਦ ਖਸਤਾ ਹੈ। ਡੀ.ਸੀ. ਦਫਤਰ ਕੋਲ ਅੰਬੇਡਕਰ ਪਾਰਕ ਕੋਲੋ ਹਰ ਰੋਜ਼ ਜਿਲਾ ਅਤੇ ਸੈਸਨਜ਼ ਜੱਜ ਸਮੇਤ, ਡਿਪਟੀ ਕਮਿਸ਼ਨਰ ਅਤੇ ਹੋਰ ਨਿਆਇਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਹੋਰ ਉਚ ਅਧਿਕਾਰੀ ਇਥੋਂ ਲੰਘਦੇ ਹਨ। ਕਾਨੂੰਨ ਦੇ ਰਖਵਾਲਿਆਂ ਭਾਵ ਵਕੀਲਾਂ ਦੇ ਕਚਹਿਰੀ ਜਾਣ ਵਾਲੇ ਰਸਤੇ ਵਿਚ ਵੀ ਇਹ ਪਾਰਕ ਆਉਂਦਾ ਹੈ। ਇਹ ਪਾਰਕ ਸ਼ੁਰੂ ਤੋਂ ਹੀ ਪ੍ਰਸ਼ਾਸਨਿਕ ਬੇਕਦਰੀ ਅਤੇ ਲਾਪਰਵਾਹੀ ਦਾ ਸ਼ਿਕਾਰ ਰਿਹਾ ਹੈ। ਇਸ ਦੀ ਦੇਖ ਰੇਖ ਲਈ ਕੋਈ ਵੀ ਸਰਕਾਰੀ ਕਰਮਚਾਰੀ ਨਿਯੁਕਤ ਨਹੀਂ ਹੈ। ਇਸੇ ਤਰਾਂ ਡਾ. ਅੰਬੇਡਕਰ ਚੌਂਕ ਨੂੰ ਪ੍ਰਸ਼ਾਸਨ ਵੱਲੋਂ ਬੇਰੁਖੀ ਅਖਤਿਆਰ ਕੀਤੇ ਜਾਣ ਮਗਰੋਂ ਸਾਜਿਸ਼ੀ ਢੰਗ ਨਾਲ ਇਸ ਦਾ ਨਾਮੋ ਨਿਸ਼ਾਨ ਹੀ ਮਿਟਾ ਦਿਤਾ ਗਿਆ। ਦੇਸ਼ ਦੇ ਮਹਾਨ ਵਿਦਵਾਨ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਨਾਮ ’ਤੇ ਬਣੇ ਉਕਤ ਦੋਨੋਂ ਸਥਾਨਾਂ ਦੀ ਦੁਰਦਸ਼ਾ ਕੀਤੇ ਜਾਣ ਕਾਰਨ ਹਰ ਸੂਝਵਾਨ ਵਿਅਕਤੀ ਦੇ ਦਿਲ ਨੂੰ ਭਾਰੀ ਠੇਸ ਪਹੁੰਚੀ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਵਫ਼ਦ ਨੇ ਅੱਜ ਉਕਤ ਦੋਹਾਂ ਸਥਾਨਾਂ ਦੀ ਹਾਲਤ ਸੁਧਾਰਨ ਲਈ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਆਈ.ਏ.ਐਸ. ਨਾਲ ਉਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਸਮੇਂ ਉਨਾਂ ਦੇ ਪੀ.ਏ. ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿਚ ਮਿਸ਼ਨ ਦੇ ਚੇਂਅਰਮੈਨ ਹਨੀ ਫੱਤਣਵਾਲਾ, ਸਲਾਹਕਾਰ ਇੰਜ. ਅਸ਼ੋਕ ਭਾਰਤੀ, ਸੀਨੀਅਰ ਉਪ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੀਤ ਪ੍ਰਧਾਨ ਬਿੰਦਰ ਗੋਨਿਆਣਾ ਪੀ.ਏ., ਚੌ. ਬਲਬੀਰ ਸਿੰਘ, ਓ.ਪੀ. ਖਿੱਚੀ, ਰਾਮ ਸਿੰਘ ਸਾਬਕਾ ਕੌਂਸਲਰ ਅਤੇ ਮਾਸਟਰ ਬਰਨੇਕ ਸਿੰਘ ਆਦਿ ਸ਼ਾਮਲ ਸਨ। ਵਫ਼ਦ ਵੱਲੋਂ ਡੀ.ਸੀ. ਨੂੰ ਦੱਸਿਆ ਗਿਆ ਕਿ ਉਕਤ ਸਥਾਨਾਂ ਦੀ ਹਾਲਤ ਸੁਧਾਰਨ ਲਈ ਇਕ ਦਰਜਨ ਵਾਰ ਤੋਂ ਵੀ ਜ਼ਿਆਦਾ ਵਾਰੀ ਜਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਨਿੱਜੀ ਅਤੇ ਲਿਖਤੀ ਤੌਰ ’ਤੇ ਬੇਨਤੀ ਕੀਤੀ ਗਈ ਹੈ। ਪਰੰਤੂ ਕਿਸੇ ਤੇ ਕੋਈ ਅਸਰ ਨਹੀਂ ਹੋਇਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਬਹੁਤ ਹੀ ਸਦਭਾਵਨਾ ਅਤੇ ਹਮਦਰਦੀ ਭਰੇ ਮਾਹੌਲ ਵਿਚ ਕਰੀਬ ਵੀਹ ਮਿੰਟ ਚੱਲੀ ਇਸ ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਵਫਦ ਦੀ ਗੱਲਬਾਤ ਬਹੁਤ ਧਿਆਨ ਨਾਲ ਸੁਣੀ। ਬੇਹੱਦ ਇਮਾਨਦਾਰ, ਲੋਕ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਾਲੇ ਅਤੇ ਬੇਦਾਗ ਅਧਿਕਾਰੀ ਵਜੋਂ ਜਾਣੇ ਜਾਂਦੇ ਡੀ.ਸੀ. ਸ੍ਰੀ ਸੂਦਨ ਨੇ ਡਾ. ਅੰਬੇਡਕਰ ਪਾਰਕ ਦੀਆਂ ਟੁੱਟੀਆਂ ਗਰਿੱਲਾਂ ਲਗਵਾਉਣ, ਬੁੱਤ ਅਤੇ ਚਾਰ ਦਿਵਾਰੀ ਦਾ ਰੰਗ ਰੋਗਨ ਆਦਿ 14 ਅਪ੍ਰੈਲ ਤੋਂ ਪਹਿਲਂ-ਪਹਿਲਾਂ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸਦੇ ਨਾਲ ਹੀ ਉਨਾਂ ਨੇ ਅੰਬੇਡਕਰ ਚੌਂਕ ਦਾ ਮਾਮਲਾ ਵੀ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਵਿਚਾਰ ਕੇ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪ੍ਰਧਾਨ ਢੋਸੀਵਾਲ ਨੇ ਉਮੀਦ ਜਾਹਰ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਡਾ. ਅੰਬੇਡਕਰ ਪਾਰਕ ਦੇ ਸੁਧਾਰ ਦੀ ਪੂਰੀ ਆਸ ਬੱਝ ਗਈ ਹੈ।
ਫੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਸੂਦਨ ਨੂੰ ਪ੍ਰਧਾਨ ਢੋਸੀਵਾਲ ਤੇ ਹੋਰ ਮੰਗ ਪੱਤਰ ਦਿੰਦੇ ਹੋਏ।