Breaking- ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਸੀ.ਐਮ ਮਨੋਹਰ ਲਾਲ ਖੱਟਰ ਸਵਾਲਾਂ ਦੇ ਘੇਰੇ ਵਿਚ
27 ਅਕਤੂਬਰ – ਡੇਰਾ ਸਿਰਸਾ ਮੁਖੀ ਪਿਛਲੇ 40 ਦਿਨਾਂ ਤੋਂ ਪੈਰੋਲ ਤੇ ਬਾਹਰ ਹੈ। ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਇਕ ਟਵੀਟ ਕਰਦਿਆਂ ਮਨੋਹਰ ਸਰਕਾਰ ਤੋਂ ਪੁੱਛਿਆ ਹੈ ਕਿ ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਵੇਂ ਦਿੱਤੀ ਜਾ ਰਹੀ ਹੈ। ਮਾਲੀਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਖਤਮ ਕਰਕੇ ਉਸ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ।
ਸਵਾਤੀ ਮਾਲੀਵਾਲ ਨੇ ਟਵੀਟ ਕਰਦਿਆਂ ਲਿਖਿਆ , ‘ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਰੇਪ ਅਤੇ ਹੱਤਿਆ ਦੇ ਜੁਰਮ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ? ਉਹ ਪੈਰੋਲ ‘ਤੇ ਭਜਨ ਅਤੇ ਗੀਤ ਬਣਾਉਂਦਾ ਹੈ ਅਤੇ ਹਰਿਆਣਾ ਸਰਕਾਰ ਦੇ ਕੁਝ ਨੇਤਾ ਤਾੜੀਆਂ ਵਜਾਉਂਦੇ ਹਨ, ‘ਭਗਤੀ’ ਵਿਚ ਲੀਨ ਹੋ ਜਾਂਦੇ ਹਨ। ਹਰਿਆਣਾ ਸਰਕਾਰ ਤੁਰੰਤ ਰਾਮ ਰਹੀਮ ਦੀ ਪੈਰੋਲ ਖ਼ਤਮ ਕਰੇ।
ਰਾਮ ਰਹੀਮ ਨੂੰ ਬਲਾਤਕਾਰੀ ਦੱਸਦਿਆਂ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਕਾਤਲ ਅਤੇ ਬਲਾਤਕਾਰੀ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ। ਇਸ ਵਾਰ ਰਾਮ ਰਹੀਮ ਪੈਰੋਲ ‘ਤੇ ਰਹਿ ਕੇ ਥਾਂ-ਥਾਂ ਸਤਿਸੰਗ ਕਰ ਰਿਹਾ ਹੈ। ਇਸ ਸਤਿਸੰਗ ਵਿੱਚ ਹਰਿਆਣਾ ਦੇ ਡਿਪਟੀ ਸਪੀਕਰ ਅਤੇ ਸੂਬੇ ਦੇ ਮੇਅਰ ਸ਼ਾਮਲ ਹੋ ਰਹੇ ਹਨ। ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ।