Breaking- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੀ ਹੋਲੋ ਗਰਾਮ ਅਤੇ ਕਿਊ ਆਰ ਕੋਡ ਵਾਲੇ ਵੋਟਰਾਂ ਨੂੰ ਵੋਟਰ ਸ਼ਨਾਖ਼ਤੀ ਕਾਰਡਾਂ ਦੀ ਵੰਡ
ਫਰੀਦਕੋਟ, 7 ਨਵੰਬਰ – (ਪੰਜਾਬ ਡਾਇਰੀ) ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਰਜਿਸਟਰਡ/ਦਰੁਸਤ ਕੀਤੇ ਗਏ ਵੋਟਰਾਂ ਦੇ ਵੋਟਰ ਸ਼ਨਾਖ਼ਤੀ ਕਾਰਡ (ਸਕਿਊਰਡ ਐਪਿਕ) ਤਿਆਰ ਕੀਤੇ ਗਏ ਹਨ। ਇਨ੍ਹਾਂ ਵਿਧਾਨ ਸਭਾ ਹਲਕਾ 087 ਫਰੀਦਕੋਟ ਦੇ ਵੋਟਰਾਂ ਨੂੰ ਸ਼ਨਾਖਤੀ ਕਾਰਡਾਂ ਦੀ ਵੰਡ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਰਜਿਸਟਰਡ/ਦਰੁਸਤ ਕੀਤੇ ਗਏ ਵੋਟਰ ਸ਼ਨਾਖ਼ਤੀ ਕਾਰਡ (ਸਕਿਊਰਡ ਐਪਿਕ) ਵੋਟਰਾਂ ਨੂੰ ਵੰਡੇ ਗਏ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜਿਲੇ ਦੇ ਵੋਟਰਾਂ ਨੂੰ ਵੀ ਹੋਲੋ ਗਰਾਮ ਅਤੇ ਕਿਊ.ਆਰ ਕੋਡ ਵਾਲੇ ਸੁਰੱਖਿਤ ਫੋਟੋ ਕਾਰਡ ਮਿਲਣਗੇ।ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀ ਨੂੰ ਜ਼ਿਆਦਾ ਪਾਰਦਰਸ਼ੀ ਅਤੇ ਤਰੁੱਟੀ ਮੁਕਤ ਬਣਾਉਣ ਦੇ ਆਦੇਸ਼ ਨਾਲ ਫੋਟੋ ਵੋਟਰ ਸ਼ਨਾਖਤੀ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਨਾਲ ਹੀ ਅਜਿਹੇ ਪਛਾਣ ਪੱਤਰ ਜਾਰੀ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਵੋਟਰਾਂ ਨੇ ਆਪਣੀ ਵੋਟ ਅਜੇ ਤੱਕ ਅਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਈ ਉਹ ਜਲਦ ਤੋਂ ਜਲਦ ਆਪਣਾ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਵਾ ਲੈਣ ਤਾਂ ਜੋ 100 ਫੀਸਦੀ ਟੀਚੇ ਨੂੰ ਜਲਦ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਅਤੇ ਉਸਦਾ ਕੋਈ ਵੀ ਪਰਿਵਾਰਕ ਮੈਂਬਰ ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕਾ ਹੋਵੇ, ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਵਿਧਾਨ ਸਭਾ ਹਲਕਾ 087 ਦੇ ਬੀ.ਐਲ.ਓਜ਼ ਅਤੇ ਦਫਤਰੀ ਸਟਾਫ ਤਹਿਸੀਲਦਾਰ ਚੋਣਾ ਵੀ ਹਾਜ਼ਰ ਸਨ।