Breaking- ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਫੋਗਿੰਗ ਦੇ ਕੰਮ ਵਿੱਚ ਤੇਜੀ ਲਿਆਉਣ ਸਬੰਧੀ ਦਿੱਤੇ ਨਿਰਦੇਸ਼
ਸਾਰੇ ਵਿਭਾਗ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਡੇਂਗੂ ਦੀ ਰੋਕਥਾਮ ਲਈ ਕੰਮ ਕਰਨ-ਡਾ. ਦੁੱਗ
ਫਰੀਦਕੋਟ, 16 ਨਵੰਬਰ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਦੀਨ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਦੀ ਰੋਕਥਾਮ ਲਈ ਵੱਖ ਵੱਖ ਵਿਭਾਗਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ,ਫੋਗਿੰਗ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ,ਐਸ.ਡੀ.ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ ਜੈਤੋ ਡਾ. ਨਿਰਮਲ ਓਸੇਪਚਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਦੇ ਖਾਤਮੇ ਲਈ ਫੌਗਿੰਗ/ਸਪਰੇਅ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇ। ਜਿਹਨਾ ਜਗਾਵਾਂ ਤੇ ਡੇਂਗੂ ਸਬੰਧੀ ਕੇਸ ਜਿਆਦਾ ਆਉਣ ਦੀ ਸੰਭਾਵਨਾ ਹੈ,ਉਨ੍ਹਾਂ ਇਲਾਕਿਆਂ ਦੀ ਪਹਿਚਾਣ ਕਰਕੇ ਵੱਧ ਤੋਂ ਵੱਧ ਫੌਗਿੰਗ ਕੀਤੀ ਜਾਵੇ। ਉਨ੍ਹਾਂ ਨੇ ਬਾਜਾਖਾਨਾ ਵਿਖੇ ਫੋਗਿੰਗ ਕਰਵਾਉਣ ਸਬੰਧੀ ਵਿਸ਼ੇਸ਼ ਤੌਰ ਤੇ ਹਦਾਇਤਾਂ ਦਿੱਤੀਆਂ।
ਉਨ੍ਹਾਂ ਆਮ ਜਨਤਾ ਨੂੰ ਇਹ ਵੀ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਡੇਂਗੂ ਦੀ ਰੋਕਥਾਮ ਲਈ ਹਰ ਹਫਤੇ ਸ਼ੁੱਕਰਵਾਰ ਦੇ ਦਿਨ ਨੂੰ ਡਰਾਈ ਡੇ ਵੱਜੋਂ ਮਨਾਉਣ ਅਤੇ ਇਸ ਦਿਨ ਆਪਣੇ ਘਰਾਂ/ਦਫ਼ਤਰਾਂ ਵਿਚ ਕੂਲਰ, ਏ.ਸੀ., ਫਰਿਜਾਂ ਦੀਆਂ ਟਰੇਆਂ ਆਦਿ ਦੀ ਸਾਫ ਸਫਾਈ ਕਰਨ ਤਾਂ ਜੋ ਡੇਂਗੂ ਕਿਤੇ ਵੀ ਆਪਣਾ ਘਰ ਨਾ ਬਣਾ ਪਾਵੇ ,ਜੋ ਕਿ ਇਨ੍ਹਾਂ ਸਾਰੀਆਂ ਬਿਮਾਰੀਆਂ ਦੇ ਫੈਲਣ ਦਾ ਕਾਰਨ ਬਣਦਾ ਹੈ। ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਇੱਕਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫਤਰ ਦੇ ਮੁੱਖੀ ਦਾ ਪੰਜਾਬ ਮਿਊਂਸੀਪਲ ਐਕਟ ਤਹਿਤ ਚਾਲਾਨ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਡਾ ਨਰੇਸ਼ ਕੁਮਾਰ ਬਠਲਾ ਦੱਸਿਆ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰਾਂ ਢੱਕਿਆ ਰਹੇ। ਉਨਾਂ ਦੱਸਿਆ ਕਿ ਇਹ ਮੱਛਰ ਜ਼ਿਆਦਾ ਉੱਚਾ ਨਹੀਂ ਉਡ ਸਕਦਾ, ਜਿਸ ਲਈ ਗੋਡਿਆਂ ਤੋਂ ਨਿਚਲਾ ਹਿੱਸਾ ਪੂਰੀ ਤਰਾਂ ਨਾਲ ਢੱਕ ਕੇ ਰੱਖਿਆ ਜਾਵੇ। ਘਰਾਂ ਅਤੇ ਦਫਤਰਾਂ ਵਿੱਚ ਮੱਛਰ ਭਜਾਓ ਕਰੀਮਾਂ ਜਾਂ ਤੇਲ ਦੀ ਵਰਤੋ ਕਰੋ ਅਤੇ ਸੋਣ ਸਮੇ ਮੱਛਰਦਾਨੀ ਦੀ ਵਰਤੋ ਕਰਨੀ ਚਾਹੀਦੀ ਹੈ। ਉਨਾਂ ਹੋਰ ਕਿਹਾ ਕਿ ਜੇਕਰ ਡੇਂਗੂ ਦੇ ਲੱਛਣ ਹੋਣ, ਤਾਂ ਆਪਣੇ ਨੇੜਲੇ ਸਿਹਤ ਜਾਂਚ ਕੇਂਦਰ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਥੇ ਡੇਂਗੂ ਦਾ ਟੈਸਟ ਅਤੇ ਸੁਪੋਰਟਿਵ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਸਹੀ ਜਾਣਕਾਰੀ ਅਤੇ ਕੁੱਝ ਸਾਵਧਾਨੀਆਂ ਵਰਤਨ ਨਾਲ ਇੰਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਮੰਦੀਪ ਕੌਰ,ਡਿਪਟੀ ਮੈਡੀਕਲ ਕਮਿਸ਼ਨਰ ਡਾ ਧੀਰਾ ਗੁਪਤਾ ,ਵਿਸ਼ਵ ਸਿਹਤ ਸੰਗਠਨ ਦੇ ਸਰਵਿਲੇਂਸ ਮੈਡੀਕਲ ਅਫ਼ਸਰ ਡਾ ਮੇਘਾ ਪ੍ਰਕਾਸ਼, ਜ਼ਿਲਾ ਐਪੀਡੀਮੋਲੋਜਿਸਟ ਡਾ ਹਿਮਾਂਸ਼ੂ ਗੁਪਤਾ, ਕਾਰਜਕਾਰੀ ਜ਼ਿਲਾ ਟੀਕਾਕਰਨ ਅਫ਼ਸਰ ਡਾ ਮੈਰੀ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਪਵਨ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ,ਸਹਾਇਕ ਮਲੇਰੀਆ ਅਫ਼ਸਰ ਵਿਰਸਾ ਸਿੰਘ ਪੰਨੂੰ,ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਡਾ ਅਨੀਤਾ ਤੋਂ ਇਲਾਵਾ ਵੱਖ ਵੱਖ ਸਿਹਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਤੇ ਨਗਰ ਪਾਲਿਕਾ ਦੇ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।