ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ, ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁਖੀ ਸ. ਇੰਦਰਜੀਤ ਸਿੰਘ ਖਾਲਸਾ ਜੀ ਦਾ 96ਵਾਂ ਜਨਮ-ਦਿਨ ਮਨਾਇਆ
ਫ਼ਰੀਦਕੋਟ ਇਲਾਕੇ ਦੀ ਮਾਣਮੱਤੀ, ਬਹੁਪੱਖੀ ਤੇ ਵੱਡਮੁੱਲੀ ਸ਼ਖ਼ਸੀਅਤ ਅਤੇ ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁਖੀ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦਾ 96ਵਾਂ ਜਨਮ-ਦਿਨ ‘ਫਾਊਡਰ ਡੇ’ ਦੇ ਤੌਰ ਤੇ ਬਹੁਤ ਹੀ ਧੂਮਧਾਮ , ਸ਼ਾਨਦਾਰ ਅਤੇ ਰਵਾਇਤੀ ਤਰੀਕੇ ਨਾਲ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ‘ਫ਼ਰੀਦ ਆਡੀਟੋਰੀਅਮ’ ਵਿਖੇ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਿੰਸੀਪਲ ਮਿਸਿਜ਼ ਕੁਲਦੀਪ ਕੋਰ ਨੇ ਸਭ ਨੂੰ ਜੀ ਆਇਆ ਕਿਹਾ ਅਤੇ ਸੰਸਥਾ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੂੰ ਜਮਨਦਿਨ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਲਈ ਰੋਲ ਮਾਡਲ ਅਤੇ ਪ੍ਰੇਰਨਾ ਦੇ ਸਰੋਤ ਹਨ । ਉਨ੍ਹਾਂ ਦੇ ਜੀਵਨ ਤੋਂ ਹਜ਼ਾਰਾਂ ਲੋਕਾਂ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਹੋਈ ਹੈ।ਅੱਜ ਬਾਬਾ ਫ਼ਰੀਦ ਪਬਲਿਕ ਸਕੂਲ ਸਮੇਤ ਦੂਜੀਆਂ ਸਿੱਖਿਆ ਸੰਸਥਾਵਾਂ ਖਾਲਸਾ ਜੀ ਦੁਆਰਾ ਦਰਸਾਏ ਗਏ ਨਿਵੇਕਲੇ ਰਾਹਾਂ ਅਤੇ ਦੂਰ-ਅੰਦੇਸ਼ੀ ਸੋਚ ਸਦਕਾ ਪੰਜਾਬ ਦੀਆਂ ਨਾਮਵਰ ਅਤੇ ਉੱਚਕੋਟੀ ਸਿੱਖਿਆ ਸੰਸਥਾਵਾਂ ਵਿਚ ਸ਼ੁਮਾਰ ਹਨ । ਉਨ੍ਹਾਂ ਬਾਬਾ ਫ਼ਰੀਦ ਜੀ ਅੱਗੇ ਅਰਦਾਸ ਕੀਤੀ ਕਿ ਸ. ਇੰਦਰਜੀਤ ਸਿੰਘ ਜੀ ਖਾਲਸਾ ਤੰਦਰੁਸਤ ਅਤੇ ਸਿਹਤਮੰਦ ਜੀਵਨ ਜਿਉਂਦਿਆਂ ਆਪਣੀ ਲੰਮੀ ਉਮਰ ਵੀ ਇਸੇ ਤਰ੍ਹਾਂ ਹੀ ਸੰਪੂਰਨ ਕਰਨ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਫਰੀਦਕੋਟ ਵਿਖੇ ਵਿਰਾਸਤੀ ਮੇਲਾ ਸ਼ੁਰੂ ਕਰਨਾ ਖ਼ਾਲਸਾ ਜੀ ਦੀ ਇਤਿਹਾਸਕ ਤੇ ਅਹਿਮ ਪ੍ਰਾਪਤੀ ਹੈ, ਜਿਸ ‘ਤੇ ਸਮੁੱਚੇ ਇਲਾਕੇ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਮਾਣ ਹੈ ।
ਇਸ ਮੌਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਕੇਕ ਕੱਟ ਕੇ ਸ. ਇੰਦਰਜੀਤ ਸਿੰਘ ਖਾਲਸਾ ਜੀ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਉਪਰੰਤ ਉਨ੍ਹਾਂ ਦੇ ਜੀਵਨ ਦੇ ਕੁਝ ਯਾਦਗਾਰੀ ਅਤੇ ਬਹੁਮੁੱਲੇ ਪਲਾਂ ਨੂੰ ਇੱਕ ਸਲਾਈਡ ਸ਼ੋਅ ਰਾਹੀਂ ਦਿਖਾਇਆ ਕੀਤਾ ਗਿਆ । ਸਮਾਗਮ ਵਿੱਚ ਵੱਖ-ਵੱਖ ਉੱਘੀਆ ਸਖਸ਼ੀਅਤਾਂ, ਜਿੰਨ੍ਹਾਂ ਵਿੱਚ ਬਾਬਾ ਫ਼ਰੀਦ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੌ. ਰਾਜ ਬਹਾਦਰ ਗੋਇਲ,ਪ੍ਰੋ. ਬ੍ਰਹਮਜਗਦੀਸ਼,ਪ੍ਰਿ.ਸੇਵਾ ਸਿੰਘ ਚਾਵਲਾ ਜੀ, ਸ. ਸਿਮਰਜੀਤ ਸਿੰਘ ਸੇਖੋ, ਡਾ. ਗੁਰਇੰਦਰ ਮੋਹਨ, ਸ. ਕੁਲਇੰਦਰ ਸਿੰਘ ਸੇਖੋ, ਪੰਜਾਬੀ ਸ਼ਾਇਰ ਅਤੇ ਚਿੰਤਕ ਡਾ. ਦੇਵਿੰਦਰ ਸੈਫ਼ੀ, ਪ੍ਰਸਿੱਧ ਮੰਚ ਸੰਚਾਲਕ ਮਿਸਿਟਰ ਜਸਬੀਰ ਜੱਸੀ, ਪ੍ਰਿੰ. ਗੁਰਦੀਪ ਸਿੰਘ ਢੁੱਡੀ ਅਤੇ ਹੋਰ ਮਹਾਨ ਸਖਸ਼ੀਅਤਾਂ ਦੇ ਨਾਲ-ਨਾਲ ਖਾਲਸਾ ਜੀ ਦੇ ਹੋਰ ਪਰਿਵਾਰਿਕ ਮੈਂਬਰਾਂ ਨੇ ਆਪਣੇ ਸੰਬੋਧਨ ਦੌਰਾਨ ਖ਼ਾਲਸਾ ਜੀ ਦੀਆਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰਾਂ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜਨਮ-ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਇਸ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਨੈਸ਼ਨਲ ਯੂਥ ਕਲੱਬ, ਰੋਟਰੀ ਕਲੱਬ, ਦੁਸਹਿਰਾ ਕਮੇਟੀ , ਲਾਇਨਜ਼ ਕਲੱਬ, ਬੀੜ ਸੁਸਾਇਟੀ , ਭਾਈ ਘਨੱਈਆ ਯੂਥ ਕਲੱਬ, ਭਾਰਤ ਵਿਕਾਸ ਪ੍ਰੀਸ਼ਦ, ਹਾਕੀ ਕਲੱਬ ਫ਼ਰੀਦਕੋਟ , ਭਾਈ ਘਨੱਈਆ ਸੇਵਾ ਸੋਸਾਇਟੀ , ਸੀਰ ਸੋਸਾਇਟੀ ਤੇ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ , ਬਾਬਾ ਫ਼ਰੀਦ ਸਕੂਲ ਦੇ ਸਮੂਹ ਸਟਾਫ਼ ਵੱਲੋਂ ਵੀ ਖ਼ਾਲਸਾ ਜੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਪੇਸ਼ ਕੀਤਾ । ਵੱਖ-ਵੱਖ ਵਿਦਿਆਰਥੀਆਂ ਵੱਲੋਂ ਤਿਆਰ ਇੱਕ ਸ਼ਾਨਦਾਰ ਕੱਵਾਲੀ ਪੇਸ਼ ਕੀਤੀ ਗਈ । ਸਕੂਲ ਦੀ ਵਿਦਿਆਰਥਣ ਨੇ ਖ਼ਾਲਸਾ ਜੀ ਦੇ ਜੀਵਨ ਬਾਰੇ ਇੱਕ ਭਾਸ਼ਣ “ਲੋਕਾਂ ਦੀ ਨਜ਼ਰ ਵਿੱਚ ਸ. ਇੰਦਰਜੀਤ ਸਿੰਘ ਖਾਲਸਾ” ਰਾਹੀਂ ਉਨ੍ਹਾਂ ਦੇ ਜੀਵਨ ਉੱਪਰ ਚਾਨਣਾ ਪਾਇਆ । ਉਪਰੰਤ ਵਿਦਿਆਰਥੀਆਂ ਨੇ ਇੱਕ ਖ਼ੂਬਸੂਰਤ ਕੋਰੀਓਗ੍ਰਾਫ਼ੀ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਉਨ੍ਹਾਂ ਦੇ ਜਨਮ-ਦਿਨ ਨੂੰ ਸਮਰਪਿਤ ਇੱਕ ਗੀਤ ਉੱਪਰ ਸ਼ਾਨਦਾਰ ਨਾਚ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਦ ਲਗਾ ਦਿੱਤੇ । ਇਸ ਮੌਕੇ ਵਿਦਿਆਰਥੀਆਂ ਵਲੋਂ ਜਨਮ-ਦਿਨ ਨੂੰ ਸਮਰਪਿਤ ਵੱਖ-ਵੱਖ ਖੂਬਸੂਰਤ ਕਾਰਡ ਬਣਾ ਕੇ ਪੇਸ਼ ਕੀਤੇ ਗਏ ।
ਉਪਰੰਤ ਵੱਖ-ਵੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਖ਼ਾਲਸਾ ਜੀ ਦੇ ਜਨਮ ਦਿਨ ਮੌਕੇ ਕਵਿਤਾਵਾਂ, ਗੀਤਾਂ ਅਤੇ ਭਾਸ਼ਣਾਂ ਰਾਹੀਂ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ । ਸਮਾਗਮ ਦੇ ਅਖੀਰ ਵਿੱਚ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਆਪਣੇ ਸੰਬੋਧਨ ਵਿੱਚ ਅਥਾਹ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਨਮ-ਦਿਨ ਮੌਕੇ ਇੱਕ ਵਿਸ਼ਾਲ, ਖ਼ੂਬਸੂਰਤ ਅਤੇ ਰਵਾਇਤੀ ਸਮਾਗਮ ਰਚਾ ਕੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ, ਉਨ੍ਹਾਂ ਦੇ ਸਮੂਹ ਟੀਮ, ਨਾਮਵਰ ਹਸਤੀਆਂ , ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ । ਇਸ ਨਾਲ ਉਨ੍ਹਾਂ ਅੰਦਰਲੇ ਜੋਸ਼ ਵਿੱਚ ਹੋਰ ਕਈ ਗੁਣਾ ਵਾਧਾ ਹੋਇਆ ਹੈ । ਉਨ੍ਹਾਂ ਆਪਣਾ ਆਸ਼ੀਰਵਾਦ ਦਿੰਦਿਆਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਮਿਸਟਰ ਪ੍ਰਵੀਨ ਕਾਲਾ ਅਤੇ ਡਾ. ਗੁਰਇੰਦਰ ਮੋਹਨ ਜੀ ਨੇ ਨਿਰੰਤਰ ਫੁੱਲਾਂ ਦੀ ਵਰਖਾ ਕਰਕੇ ਇਸ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ।