ਫਿਲਮ ਦੇਖ ਕੇ ਜਾਅਲੀ ਨੋਟ ਬਣਾਉਣੇ ਸਿਖੇ 5ਵੀਂ ਪਾਸ ਨੇ, 1.60 ਲੱਖ ਦੀ ਜਾਅਲੀ ਕਰੰਸੀ ਸਮੇਤ ਕਾਬੂ
ਪਟਿਆਲਾ, 4 ਮਈ (ਪੰਜਾਬੀ ਜਾਗਰਣ)- ਪਟਿਆਲਾ ਪੁਲਿਸ ਨੇ ਇੱਕ ਲੱਖ 60 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਐੱਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਜੇਸ਼ ਕੁਮਾਰ ਵਾਸੀ ਪਟਿਆਲਾ ਵਜੋਂ ਹੋਈ ਹੈ। ਜਿਸ ਖ਼ਿਲਾਫ਼ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਮੁਲਜ਼ਮ ਕੋਲੋਂ ਨਕਲੀ ਨੋਟ ਤਿਆਰ ਕਰਨ ਵਾਲਿਆਂ ਆਧੁਨਿਕ ਮਸ਼ੀਨਾਂ ਬਰਾਮਦ ਹੋਈਆਂ ਹਨ, ਜਿਸ ਰਾਹੀਂ ਉਹ ਅਸਲੀ ਕਰੰਸੀ ਵਰਗੇ ਨੋਟ ਤਿਆਰ ਕਰਦਾ ਸੀ।ਮੁਲਜ਼ਮ ਪੰਜਵੀਂ ਪਾਸ ਹੈ, ਜਿਸਨੇ ਫਿਲਮ ਦੇਖ ਕੇ ਨਕਲੀ ਕਰੰਸੀ ਬਨਾਉਣੀ ਸਿੱਖੀ ਹੈ। ਡੀਐਸਪੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਥਾਣਾ ਜੁਲਕਾਂ ਮੁਖੀ ਹਰਜਿੰਦਰ ਢਿੱਲੋਂ ਦੀ ਟੀਮ ਨੇ ਰਾਜੇਸ਼ ਨੂੰ ਮੋਟਰਸਾਈਕਲ ਤੇ ਜਾਂਦੀਆਂ ਕਾਬੂ ਕੀਤਾ। ਜਿਸ ਕੋਲੋ 500 ਅਤੇ 1000 ਦੇ ਜਾਅਲੀ ਨੋਟ ਬਰਾਮਦ ਹੋਏ ਹਨ। ਮੁਲਜ਼ਮ ਨੇ ਨੋਟ ਕਿੱਥੇ ਸਪਲਾਈ ਕੀਤੇ ਤੇ ਇਸ ਨਾਲ ਹੋਰ ਕੌਣ ਕੌਣ ਸ਼ਾਮਿਲ ਹਨ, ਇਸ ਬਾਰੇ ਜਾਂਚ ਸ਼ੁਰੂ ਕੀਤੀ ਗਈ ਹੈ।