ਪੋਥੀ ਸਾਹਿਬ ਅਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੀ ਹੋਈ ਬੇਅਦਬੀ
ਗੁਰਦਾਸਪੁਰ , 9 ਮਈ (ਬਾਬੂਸ਼ਾਹੀ)-ਫੇਰ ਹੋਈ ਬੇਅਦਬੀ ਦੀ ਘਟਨਾ।3 ਪੋਥੀਆਂ ਨੂੰ ਅਗਨ-ਭੇਂਟ ਕਰ ਕੇ ਦੋਸ਼ੀ ਫਰਾਰ ਹੋ ਗਿਆ। ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ।ਮਾਮਲਾ ਹੈ ਬਟਾਲਾ ਅਧੀਨ ਆਉਂਦੇ ਪਿੰਡ ਵਡਾਲਾ ਗ੍ਰੰਥੀਆਂ ਦਾ, ਜਿੱਥੇ ਇਕ ਅਣਪਛਾਤੇ ਵਿਅਕਤੀ ਵੱਲੋਂ 3 ਪੋਥੀਆਂ ਅਤੇ ਕੁੱਝ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਨੂੰ ਅੱਗ ਲਗਾ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ ਲੇਕਿਨ ਗਨੀਮਤ ਇਹ ਰਹੀ ਕਿ ਹਵਾ ਦੇ ਨਾਲ ਅੱਗ ਬੁਝ ਗਈ ਅਤੇ ਬਚਾਅ ਹੋ ਗਿਆ ।
ਗੱਲਬਾਤ ਕਰਦਿਆਂ ਪਿੰਡ ਵਾਸੀ ਕਰਨਬੀਰ ਸਿੰਘ ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਕਿਸੇ ਮੂਰਖ ਪ੍ਰਾਣੀ ਵੱਲੋਂ ਸਵੇਰੇ 10 ਵਜੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਏ ਕਿ ਇਹ ਉਨ੍ਹਾਂ ਬੰਦਿਆਂ ਦੀ ਸੋਚ ਸਮਝ ਕੇ ਤਿਆਰ ਕੀਤੀ ਗਈ ਯੋਜਨਾ ਹੈ ਜੋ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਕੇ ਇਹ ਘਿਨੌਣਾ ਕੰਮ ਕਰਵਾ ਰਹੇ ਹਨ। ਸਾਡੀ ਮੰਗ ਹੈ ਕਿ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਜਾਂ 302 ਦਾ ਪਰਚਾ ਦਰਜ ਕਰਕੇ ਫਾਂਸੀ ਦੀ ਸਜ਼ਾ ਹੋਵੇ ਜਾਂ ਅਜਿਹੇ ਦੋਸ਼ੀਆਂ ਨੂੰ ਸਿੱਖ ਕੌਮ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਦਾ ਉਸੇ ਵੇਲੇ ਸੋਧਾ ਲਾਇਆ ਜਾ ਸਕੇ ।
ਉਥੇ ਹੀ ਦੂਜੇ ਪਾਸੇ ਚੌਂਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।