ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਜਿਲ੍ਹਾ-ਪੱਧਰੀ ਮੁਕਾਬਲਿਆਂ ਮੌਹਰੀ
* ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਰੌਸ਼ਨ ਕੀਤਾ ਸਕੂਲ ਦਾ ਨਾਮ
ਫਰੀਦਕੋਟ 26 ਮਈ (ਪੰਜਾਬ ਡਾਇਰੀ) ਬਾਬਾ ਫਰੀਦ ਜੀ ਦੀ ਅਪਾਰ ਬਖਸ਼ਿਸ਼, ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਮਿਸਿਜ਼ ਕੁਲਦੀਪ ਕੋਰ ਦੀ ਅਗਵਾਈ ਹੇਠ ਚੱਲ ਰਹੀ ਫਰੀਦਕੋਟ ਜ਼ਿਲ੍ਹੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ, ਫਰੀਦਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ-ਪੱਧਰੀ ਲਿਖਣ ਅਤੇ ਕਲਾ ਮੁਕਾਬਲੇ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਗਏ ਵੱਖ-ਵੱਖ ਕਲਾਤਮਿਕ ਮੁਕਾਬਲਿਆ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ ਅਤੇ ਪੇਂਟਿੰਗ ਮੁਕਾਬਲਿਆਂ ਵਿੱਚ ਮੋਹਰੀ ਸਥਾਨ ਹਾਸਲ ਕੀਤੇ ਹਨ । ਉਨ੍ਹਾਂ ਅੱਗੇ ਦੱਸਿਆ ਕਿ ਕਵਿਤਾ ਰਚਨਾ ਮੁਕਾਬਲਿਆ ਵਿੱਚ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ ਪਹਿਲਾ ਅਤੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਕਿਰਨਜੀਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਸਮੁੱਚੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਭਾਸ਼ਣ ਮੁਕਾਬਲਿਆਂ ਵਿੱਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਮਾਨਵਜੀਤ ਕੌਰ ਨੇ ਦੂਜਾ ਅਤੇ ਬਾਰਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰਾਂ ਹੀ ਪੇਂਟਿੰਗ ਮੁਕਾਬਲਿਆਂ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਦੂਜਾ ਅਤੇ ਗੁਰਸ਼ਾਨ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਬੇਹੱਦ ਅਹਿਮ ਪ੍ਰਾਪਤੀਆਂ ਕੀਤੀਆਂ ਹਨ । ਇਹਨਾਂ ਜੇਤੂ ਵਿਦਿਆਰਥੀਆਂ ਨੂੰ ਮੈਂਬਰ ਪਾਰਲੀਮੈਂਟ ਸ੍ਰੀ ਮੁਹੰਮਦ ਸਦੀਕ ਨੇ ਟਰਾਫੀ ਅਤੇ ਸਰਟੀਫਿਕੇਟ ਨਾਲ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ । ਜ਼ਿਕਰਯੋਗ ਹੈ ਕਿ ਇਹਨਾਂ ਮੁਕਾਬਲਿਆਂ ਵਿਚ ਜ਼ਿਲੇ ਦੇ ਬਹੁਤ ਸਾਰੇ ਸਕੂਲਾਂ ਨੇ ਸ਼ਮੂਲੀਅਤ ਕੀਤੀ, ਜਿੰਨ੍ਹਾਂ ਵਿੱਚੋਂ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੋਹਰੀ ਸਥਾਨ ਹਾਸਿਲ ਕਰਕੇ ਨਾਮਣਾ ਖੱਟਿਆ। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਸਵੇਰੇ ਦੀ ਪ੍ਰਾਰਥਨਾ ਸਭਾ ਵਿੱਚ ਉਤਸ਼ਾਹਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਵੱਲੋਂ ਵਿਸ਼ੇਸ਼ ਤੌਰ ‘ਤੇ ਇੰਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਸਨਮਾਨਿਤ ਕੀਤਾ ਗਿਆ। ਖ਼ਾਲਸਾ ਜੀ ਨੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ‘ਤੇ ਉਨ੍ਹਾਂ ਨੂੰ ਬੇਹੱਦ ਫ਼ਖ਼ਰ ਹੈ, ਜਿਨ੍ਹਾਂ ਨੇ ਆਪਣੀ ਸਾਹਿਤਕ ਅਤੇ ਕਲਾਤਮਿਕ ਸੂਝ-ਬੂਝ ਦਾ ਖੂਬਸੂਰਤ ਅਤੇ ਉੱਤਮ ਕਲਾ ਦਾ ਪ੍ਰਗਟਾਵਾ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਨੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਯੋਗ ਅਗਵਾਈ ਹੇਠ ਇਹਨਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਅਤੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ।