ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਰੋਟੀਆਂ ’ਚ ਤੰਬਾਕੂ ਮਿਲਾ ਕੇ ਦੇਣ ‘ਤੇ ਭੜਕੇ ਜਥੇਦਾਰ, ਬੋਲੇ- ਬਰਦਾਸ਼ਤ ਨਹੀਂ ਕਰਾਂਗੇ
ਬਠਿੰਡਾ, 30 ਜੂਨ (ਪੰਜਾਬੀ ਜਾਗਰਣ)- ਐੱਨਐੱਸਏ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀਆਂ ਨੂੰ ਰੋਟੀਆਂ ’ਚ ਤੰਬਾਕੂ ਮਿਲਾ ਕੇ ਦੇਣ ਦੀ ਕਾਰਵਾਈ ਅਤਿ ਕੋਝੀ ਹਰਕਤ ਹੈ। ਕੋਈ ਵੀ ਸਿੱਖ ਇਸ ਤਰ੍ਹਾਂ ਹੀ ਹਰਕਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸਿੱਖ ਨੌਜਵਾਨਾਂ ਨੂੰ ਜੇਲ੍ਹ ਮੈਨੂੰਅਲ ਮੁਤਾਬਿਕ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਜਥੇਦਾਰ ਨੇ ਕਿਹਾ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੱਖ ਨੌਜਵਾਨਾਂ ਨੂੰ ਖਾਣੇ ਵਿਚ ਤੰਬਾਕੂ ਮਿਲਾ ਕੇ ਦਿੱਤਾ ਜਾ ਰਿਹਾ, ਜਿਹੜੀ ਕਿ ਬਹੁਤ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਇਸ ਲਈ ਭਾਰਤ, ਅਸਾਮ ਤੇ ਪੰਜਾਬ ਸਰਕਾਰ ਨੂੰ ਇਸ ਵੱਲ ਤਰੁੰਤ ਤਵੱਜੋ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਇਸ ਮਾਮਲੇ ਦੀ ਤਰੁੰਤ ਜਾਂਚ ਦੇ ਹੁਕਮ ਦੇਵੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸਿੱਖ ਨੌਜਵਾਨਾਂ ਨਾਲ ਵਿਤਕਰਾ ਕਰ ਕੇ ਸਰਕਾਰ ਪੂਰੀ ਕੌਮ ’ਤੇ ਹਮਲਾ ਕਰ ਰਹੀ ਹੈ ਜਿਸ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਵਿਰੁਧ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਵੱਡੇ ਦੋਸ਼ ਦੇ ਐਨਐਸਏ ਲਗਾਇਆ ਹੈ ਪਰ ਡਿਬਰੂਗੜ੍ਹ ਜੇ੍ਲ੍ਹ ਵਿਚ ਬੰਦ ਸਿੱਖ ਨੌਜਵਾਨਾਂ ਨੂੰ ਜੇਲ੍ਹ ਮੈਨੂੰਅਲ ਮੁਤਾਬਿਕ ਸਹੂਲਤਾਂ ਦਿੱਤ਼ੀਆਂ ਜਾਣ ਜਿਹੜੀਆਂ ਕਿ ਹੋਰਨਾਂ ਬੰਦੀਆਂ ਨੂੰ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਰੋਟੀ ਵਿਚ ਤੰਬਾਕ ਪਾ ਕੇ ਦਿੱਤੇ ਜਾਣ ਨੂੰ ਅਤੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ।