ਪਦਮ ਸ਼੍ਰੀ ਸੁਰਜੀਤ ਪਾਤਰ ਵੱਲੋਂ ‘ਕਲਮਾਂ ਦੇ ਰੰਗ’ ਪੰਜਾਬੀ ਸਾਹਿਤਕ ਮੈਗਜ਼ੀਨ ਦਾ ਪਲੇਠਾ ਅੰਕ ਲੋਕ ਅਰਪਣ
ਫ਼ਰੀਦਕੋਟ, 2 ਅਗਸਤ (ਪੰਜਾਬ ਡਾਇਰੀ)- ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਦੇ ਸਹਿਯੋਗ ਨਾਲ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ‘ਕਲਮਾਂ ਦੇ ਰੰਗ’ ਮਹੀਨਾਵਾਰ ਆਨਲਾਈਨ ਪੰਜਾਬੀ ਸਾਹਿਤਕ ਮੈਗਜ਼ੀਨ ਦਾ ਪਲੇਠਾ ਅੰਕ ਪੰਜਾਬੀਆਂ ਦੇ ਹਰਮਨ ਪਿਆਰੇ ਸ਼ਾਇਰ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਲੋਕ ਅਰਪਣ ਕੀਤਾ । ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰੋ. ਬੀਰ ਇੰਦਰ ਸਰਾਂ (ਚੇਅਰਮੈਨ ਅਤੇ ਸੰਸਥਾਪਕ) ਨੇ ਕਿਹਾ ਕਿ ਸਭਾ ਸਾਹਿਤਕ ਖੇਤਰ ਵਿੱਚ ਨਿੱਤ ਨਵੀਆਂ ਪੈੜਾਂ ਪਾਉਂਦੀ ਹੋਈ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਪੰਜਾਬੀ ਕਲਮਾਂ ਨੂੰ ਸਮਰਪਿਤ ਇਸ ਮੈਗਜ਼ੀਨ ਦਾ ਮੁੱਖ ਉਦੇਸ਼ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨਾ, ਨਵੇਂ ਉੱਭਰਦੇ ਕਲਮਕਾਰਾਂ ਨੂੰ ਪਛਾਣ ਦੇਣਾ ਅਤੇ ਸਾਰੇ ਸਾਹਿਤਕਾਰਾਂ ਦਾ ਸਤਿਕਾਰ ਕਰਨਾ ਹੈ।
ਮੈਗਜ਼ੀਨ ਦੇ ਸੰਪਾਦਕ ਜਸਵਿੰਦਰ ਜੱਸ (ਜਨਰਲ ਸਕੱਤਰ), ਉਪ-ਸੰਪਾਦਕ ਸਾਗਰ ਸ਼ਰਮਾ (ਪ੍ਰਚਾਰ ਸਕੱਤਰ), ਮੁੱਖ ਪ੍ਰਬੰਧਕ ਕਸ਼ਮੀਰ ਮਾਨਾ (ਪ੍ਰਧਾਨ) ਅਤੇ ਸਹਿ-ਪ੍ਰਬੰਧਕ ਪ੍ਰੋ. ਹਰਪ੍ਰੀਤ ਸਿੰਘ (ਪ੍ਰੈਸ ਸਕੱਤਰ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਾਠਕਾਂ ਦੀ ਪੁਰਜ਼ੋਰ ਮੰਗ ਸੀ ਕਿ ਸਾਡੀ ਸਭਾ ਵੱਲੋਂ ਕੋਈ ਵਧੀਆ ਆਨਲਾਈਨ ਮੈਗਜ਼ੀਨ ਵੀ ਕੱਢਿਆ ਜਾਵੇ ਤਾਂ ਜੋ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੱਕ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਸਕੇ । ਸੋ ਸਾਨੂੰ ਯਕੀਨ ਹੈ ਕਿ ਨਵੇਂ ਕਲਮਕਾਰਾਂ ਲਈ ਇਹ ਮੈਗਜ਼ੀਨ ਮੀਲ ਪੱਥਰ ਦਾ ਕੰਮ ਕਰੇਗਾ ।
ਸਭਾ ਦੇ ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਕਵੀ ਦਰਬਾਰ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚੋਂ ਵਿਸ਼ਵ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਸੇਵਾ ਮੁਕਤ ਪ੍ਰਿੰ. ਸੁਖਜਿੰਦਰ ਬਰਾੜ, ਸਿੱਖਿਆ ਸ਼ਾਸ਼ਤਰੀ ਪ੍ਰਿੰ. ਸੇਵਾ ਸਿੰਘ ਚਾਵਲਾ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਪ੍ਰਿੰ. ਕੁਮਾਰ ਜਗਦੇਵ, ਜ਼ਿਲ੍ਹਾ ਖੋਜ ਅਫ਼ਸਰ ਕੰਵਰਜੀਤ ਸਿੱਧੂ, ਜਗਤਾਰ ਸੋਖੀ ਅਤੇ ਹੋਰ ਸਾਹਿਤਕਾਰਾਂ ਨੇ ਸਭਾ ਦੇ ਇਹਨਾਂ ਵਧੀਆ ਉਪਰਾਲਿਆਂ ਦੀ ਪ੍ਰਸ਼ੰਸ਼ਾ ਕਰਦਿਆਂ ਮੁਬਾਰਕਾਂ ਦਿੱਤੀਆਂ। ਮੰਚ ਸੰਚਾਲਕ ਦੀ ਭੂਮਿਕਾ ਜਸਬੀਰ ਜੱਸੀ ਅਤੇ ਅਮਨਦੀਪ ਕੌਰ ਖੀਵਾ ਨੇ ਸਾਂਝੇ ਰੂਪ ਵਿੱਚ ਨਿਭਾਈ।
ਇਸ ਮੌਕੇ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਗਰਾਈਂ, ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਖਜ਼ਾਨਚੀ ਸੁਖਵੀਰ ਬਾਬਾ, ਸਹਾਇਕ ਸਕੱਤਰ ਭੂਪਿੰਦਰ ਪਰਵਾਜ਼, ਮੀਡੀਆ ਸਕੱਤਰ ਗਗਨ ਸਤਨਾਮ, ਸੀਨੀਅਰ ਮੈਂਬਰ ਸੁਰਜੀਤ ਸਿੰਘ, ਪਰਵਿੰਦਰ ਸਿੰਘ, ਪਰਮਪ੍ਰੀਤ ਸਿੰਘ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸਭਾ ਵੱਲੋਂ ਸਮੇਂ-ਸਮੇਂ ‘ਤੇ ਸਾਹਿਤਕ ਗਤੀਵਿਧੀਆਂ ਤੋਂ ਇਲਾਵਾ ਸਮਾਜ ਭਲਾਈ ਦੇ ਕਾਰਜ ਵੀ ਕੀਤੇ ਜਾਂਦੇ ਹਨ । ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ।