ਬਾਬਾ ਫਰੀਦ ਆਗਮਨ ਪੁਰਬ ਦੌਰਾਨ ਸ਼ਹਿਰ ਦੀ ਬਦਲੀ ਜਾ ਰਹੀ ਹੈ ਦਿੱਖ – ਡਿਪਟੀ ਕਮਿਸ਼ਨਰ
– ਜਹਾਂ ਸਫਾਈ ਵਹਾਂ ਖੁਦਾਈਂ ਦੇ ਫਲਸਫੇ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵਿੱਢੀ ਸਫਾਈ ਮੁਹਿੰਮ
ਫ਼ਰੀਦਕੋਟ, 18 ਸਤੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਆਗਮਨ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵਧੀਆ ਪ੍ਰਬੰਧ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਓਥੇ ਨਗਰ ਕੌਂਸਲ ਫ਼ਰੀਦਕੋਟ ਵੀ ਜ਼ਿਲੇ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਲਈ ਸ਼ਹਿਰ ਦੀ ਸਫਾਈ ਕਰ ਰਿਹਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਨਗਰ ਕੌਂਸਲ ਵੱਲੋਂ ਜ਼ਿਲੇ ਵਿੱਚ ਕੀਤੇ ਜਾ ਰਹੇ ਸਫਾਈ ਪ੍ਰਬੰਧਾਂ ਦੀ ਸ਼ਾਲਾਘਾ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਫ਼ਰੀਦਕੋਟ ਵੱਲੋਂ ਜ਼ਿਲੇ ਵਿੱਚ ਸਫਾਈ ਮੁਹਿੰਮ ਦੇ ਨਾਲ ਨਾਲ ਜ਼ਿਲੇ ਦੇ ਚੌਂਕਾਂ ਵਿਚ ਲੱਗੇ ਬੁੱਤਾਂ ਨੂੰ ਪੇਂਟ ਕਰਨ ਅਤੇ ਸੜਕ ਦੇ ਕਿਨਾਰੇ ਲੱਗੇ ਡਿਵਾਈਡਰਾਂ ਨੂੰ ਰੰਗ ਰੋਗਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਵਿਚ ਕੰਮ ਕਰਦੇ ਸਫਾਈ ਕਰਮਚਾਰੀ ਜ਼ਿਲੇ ਦੇ ਕੋਨੇ ਕੋਨੇ ਵਿੱਚ ਸਫਾਈ ਕਰ ਰਹੇ ਹਨ। ਜ਼ਿਲੇ ਦੇ ਚੌਂਕਾਂ ਵਿਚ ਲੱਗੇ ਬੁੱਤਾਂ ਨੂੰ ਪੇਂਟ ਕਰਕੇ ਨਵੀਂ ਦਿੱਖ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਮੇਲੇ ਦੌਰਾਨ ਸ਼ਹਿਰ ਵਿੱਚ ਸਫਾਈ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ, ਪਰ ਇਸ ਮੁੰਹਿੰਮ ਵਿੱਚ ਲੋਕਾਂ ਦਾ ਸਾਥ ਅਹਿਮ ਹੈ । ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿਸ ਵਾਰ ਪਲਾਸਟਿਕ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਅਤੇ ਇਸ ਦੇ ਬਦਲ ਵੱਜੋਂ ਮਿੱਟੀ, ਪੱਤਲ ਜਾਂ ਸਟੀਲ ਦੇ ਬਰਤਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕੂੜਾ ਕਰਕਟ ਬਾਹਰ ਨਾ ਸੁੱਟ ਕੇ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਸਾਥ ਦੇਣ।