ਪੰਜਾਬ ਦੇ ਇਨ੍ਹਾਂ ਟੋਲ ਪਲਾਜਿਆਂ ਦੇ 10 ਤੋਂ 15 ਰੁਪਏ ਤੱਕ ਵਧੇ ਰੇਟ- 1 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਚੰਡੀਗੜ੍ਹ, 25 ਅਗਸਤ (ਬਾਬੂਸ਼ਾਹੀ)- ਅੰਮ੍ਰਿਤਸਰ-ਦਿੱਲੀ ਸਿਕਸਲੇਨ ਹਾਈਵੇਅ ‘ਤੇ ਸਫਰ ਕਰਨ ਵਾਲਿਆਂ ਨੂੰ ਹੁਣ ਟੋਲ ਦੇ ਤੌਰ ‘ਤੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਲਾਡੋਵਾਲ (ਲੁਧਿਆਣਾ) ਅਤੇ ਕਰਨਾਲ ਟੋਲ ‘ਤੇ ਸਾਰੇ ਵਾਹਨਾਂ ਦੇ ਰੇਟ ਵਧਾ ਦਿੱਤੇ ਹਨ। ਕਾਰਾਂ ਲਈ ਲਾਡੋਵਾਲ ਟੋਲ ਦਰਾਂ ਵਿੱਚ 15 ਰੁਪਏ ਅਤੇ ਕਰਨਾਲ ਦੇ ਟੋਲ ਦਰਾਂ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਨਵੀਆਂ ਟੋਲ ਦਰਾਂ 1 ਸਤੰਬਰ 2023 ਤੋਂ ਲਾਗੂ ਹੋਣਗੀਆਂ। ਇਸ ਹਾਈਵੇਅ ‘ਤੇ ਲਾਡੋਵਾਲ ਅਤੇ ਕਰਨਾਲ ਦੇ ਟੋਲ ਪਹਿਲਾਂ ਹੀ ਸਭ ਤੋਂ ਮਹਿੰਗੇ ਹਨ ਅਤੇ ਹੁਣ ਇਹ ਰੇਟ ਹੋਰ ਵਧਣ ਜਾ ਰਹੇ ਹਨ।
NHAI ਵੱਲੋਂ ਤੈਅ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ ਲਾਡੋਵਾਲ ਟੋਲ ‘ਤੇ ਹੁਣ ਕਾਰ-ਜੀਪ ਲਈ ਸਿੰਗਲ ਸਫ਼ਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਉਨ੍ਹਾਂ ਦਾ ਮਹੀਨਾਵਾਰ ਪਾਸ 4930 ਰੁਪਏ ਵਿੱਚ ਬਣਾਇਆ ਜਾਵੇਗਾ। ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਇਸ ਟੋਲ ‘ਤੇ ਸਿੰਗਲ ਟ੍ਰਿਪ 285 ਰੁਪਏ ਅਤੇ 24 ਘੰਟਿਆਂ ‘ਚ ਕਈ ਟ੍ਰਿਪ 430 ਰੁਪਏ ਹੋਣਗੇ। ਇਸ ਸ਼੍ਰੇਣੀ ਦੇ ਵਾਹਨ ਲਈ ਮਹੀਨਾਵਾਰ ਪਾਸ ਫੀਸ 8625 ਰੁਪਏ ਹੋਵੇਗੀ।
ਲਾਡੋਵਾਲ ਟੋਲ ‘ਤੇ, ਟਰੱਕਾਂ ਅਤੇ ਬੱਸਾਂ ਨੂੰ 24 ਘੰਟਿਆਂ ਵਿੱਚ ਇੱਕ ਵਾਰੀ ਯਾਤਰਾ ਲਈ 575 ਰੁਪਏ ਅਤੇ ਇੱਕ ਤੋਂ ਵੱਧ ਯਾਤਰਾ ਲਈ 860 ਰੁਪਏ ਦੇਣੇ ਪੈਣਗੇ। ਉਨ੍ਹਾਂ ਦੀ ਮਹੀਨਾਵਾਰ ਪਾਸ ਫੀਸ 17,245 ਰੁਪਏ ਹੋਵੇਗੀ।
ਇਸੇ ਤਰ੍ਹਾਂ ਡਬਲ ਐਕਸਲ ਟਰੱਕ ਤੋਂ ਸਿੰਗਲ ਟ੍ਰਿਪ ਲਈ 925 ਰੁਪਏ ਅਤੇ 24 ਘੰਟਿਆਂ ਵਿੱਚ ਕਈ ਟਰਿੱਪਾਂ ਲਈ 1385 ਰੁਪਏ ਵਸੂਲੇ ਜਾਣਗੇ। ਇਸ ਸ਼੍ਰੇਣੀ ਦੇ ਵਾਹਨ ਲਈ ਮਹੀਨਾਵਾਰ ਪਾਸ ਦੀ ਕੀਮਤ 27,720 ਰੁਪਏ ਹੋਵੇਗੀ।