ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸੰਸਦ ਭਵਨ ਨੂੰ ਦਿਤਾ ਨਵਾਂ ਨਾਂਅ
ਨਵੀਂ ਦਿੱਲੀ, 19 ਸਤੰਬਰ (ਰੋਜਾਨਾ ਸਪੋਕਸਮੈਨ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੁਝਾਅ ਦਿਤਾ ਕਿ ਪੁਰਾਣੀ ਸੰਸਦ ਭਵਨ ਦਾ ਨਾਂਅ ‘ਸੰਵਿਧਾਨ ਸਦਨ’ ਰੱਖਿਆ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ, ”ਅੱਜ ਅਸੀਂ ਇਥੋਂ ਵਿਦਾਇਗੀ ਲੈ ਕੇ ਸੰਸਦ ਦੀ ਨਵੀਂ ਇਮਾਰਤ ‘ਚ ਬੈਠਣ ਜਾ ਰਹੇ ਹਾਂ ਅਤੇ ਇਹ ਬਹੁਤ ਹੀ ਸ਼ੁੱਭ ਮੌਕਾ ਹੈ ਕਿ ਅਸੀਂ ਗਣੇਸ਼ ਚਤੁਰਥੀ ਵਾਲੇ ਦਿਨ ਉਥੇ ਬੈਠ ਰਹੇ ਹਾਂ।”
ਉਨ੍ਹਾਂ ਨੇ ਭਾਰਤੀ ਸੰਸਦ ਦੀ ਅਮੀਰ ਵਿਰਾਸਤ ਨੂੰ ਮਨਾਉਣ ਲਈ ਸੈਂਟਰਲ ਹਾਲ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ”ਮੇਰਾ ਸੁਝਾਅ ਹੈ ਕਿ ਜਿਵੇਂ-ਜਿਵੇਂ ਅਸੀਂ ਨਵੀਂ ਇਮਾਰਤ ਵੱਲ ਵਧ ਰਹੇ ਹਾਂ, ਇਸ ਇਮਾਰਤ ਦੀ ਸ਼ਾਨ ਕਦੇ ਵੀ ਘੱਟ ਨਹੀਂ ਹੋਣੀ ਚਾਹੀਦੀ। ਇਸ ਨੂੰ ਸਿਰਫ਼ ਪੁਰਾਣੀ ਸੰਸਦ ਨਹੀਂ ਕਿਹਾ ਜਾਣਾ ਚਾਹੀਦਾ। ਇਸ ਨੂੰ ਸੰਵਿਧਾਨ ਸਦਨ ਦਾ ਨਾਂਅ ਦਿਤਾ ਜਾ ਸਕਦਾ ਹੈ।”
ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਸਮਾਰੋਹ ਲਈ ਪੁਰਾਣੇ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ ਵਿਚ ਇਕੱਠੇ ਹੋਏ ਸਨ।