ਹਾੜ੍ਹੀ 2023 ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਫਰੀਦਕੋਟ 7 ਅਕਤੂਬਰ (ਪੰਜਾਬ ਡਾਇਰੀ)- ਸ. ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ, ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਯੋਗ ਅਗਵਾਈ ਹੇਠ ਅਤੇ ਡਾ. ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ ਦੀ ਨਿਗਰਾਨੀ ‘ਚ ਆਤਮਾ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਮਾਡਲ ਖੇਤੀਬਾੜੀ ਫਾਰਮ ਫਰੀਦਕੋਟ ਵਿਖੇ ਲਗਾਇਆ ਗਿਆ। ਜਿਸ ਵਿੱਚ ਡਾ. ਰਾਜ ਕੁਮਾਰ, ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਨੇ ਮੁੱਖ ਮਹਿਮਾਨ ਅਤੇ ਸ਼੍ਰੀ ਬਰਿੰਦਰ ਸਿੰਘ ਸੰਧਵਾਂ, ਸ਼੍ਰੀ ਰਮਨਦੀਪ ਸਿੰਘ ਚੇਅਰਮੈਨ ਸਾਦਿਕ, ਸ਼੍ਰੀ ਗੁਬਿੰਦਰ ਸਿੰਘ ਯੂਥ ਪ੍ਰਧਾਨ ਆਪ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਓਸੇਪਚਨ ਨੇ ਕੀਤਾ।
ਕੈਂਪ ਦੌਰਾਨ ਇੰਜ. ਹਰਚਰਨ ਸਿੰਘ ਨੇ ਸੁਚੱਜੇ ਪਰਾਲੀ ਪ੍ਰਬੰਧਨ ਅਤੇ ਕਰਾਪ ਰੈਸੀਡਿਓ ਮੈਨੇਜਮੈਂਟ ਵਿੱਚ ਵਰਤੀ ਜਾਣ ਵਾਲੀ ਵੱਖ-ਵੱਖ ਖੇਤੀ ਮਸ਼ੀਨਰੀ ਬਾਰੇ; ਡਾ. ਯਾਦਵਿੰਦਰ ਸਿੰਘ ਅਤੇ ਡਾ. ਗੁਰਮਿੰਦਰ ਸਿੰਘ ਬਰਾੜ ਨੇ ਹਾੜ੍ਹੀ ਦੀਆਂ ਫਸਲਾਂ (ਕਣਕ, ਸਰੋਂ, ਛੋਲੇ ਆਦਿ) ਦੇ ਸਫਲ ਕਾਸ਼ਤਕਾਰੀ ਦੇ ਢੰਗਾਂ ਬਾਰੇ; ਡਾ. ਸਤਨਾਮ ਸਿੰਘ ਨੇ ਹਾੜ੍ਹੀ ਦੀਆਂ ਫਸਲਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਇਸ ਉਪਰੰਤ ਕਿਸਾਨਾਂ ਅਤੇ ਖੇਤੀ ਮਾਹਿਰਾਂ ਵਿਚਕਾਰ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ (ਪੈਨਲ ਡਿਸਕਸ਼ਨ) ਕੀਤੀ ਗਈ ਜਿਸ ਵਿੱਚ ਕਿਸਾਨਾਂ ਵੱਲੋ ਪੁੱਛੇ ਗਏ ਸਵਾਲਾਂ ਦਾ ਜਵਾਬ ਖੇਤੀ ਸਾਇੰਸਦਾਨ ਅਤੇ ਮਾਹਿਰਾਂ ਵੱਲੋ ਦਿੱਤਾ ਗਿਆ। ਇਸ ਮੌਕੇ ਸ. ਇੰਦਰਜੀਤ ਸਿੰਘ ਘਣੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੀ ਕਿਸਾਨਾਂ ਨੂੰ ਸੰਬੋਧਤ ਕੀਤਾ।
ਇਸ ਮੌਕੇ ਵੱਖੋ ਵੱਖ ਵਿਭਾਗਾਂ ਵੱਲੋ ਆਪਣੀਆਂ ਗਤੀਵਿਧੀਆਂ ਅਤੇ ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਖੇਤੀ ਸਹਾਇਕ ਧੰਦਿਆਂ ਨੂੰ ਸਮਰਪਿਤ ਕਿਸਾਨਾਂ, ਕਿਸਾਨ ਸਮੂਹਾਂ ਵੱਲੋ ਤਿਆਰ ਕੀਤੀ ਗਈ ਉਪਜ ਅਤੇ ਵੱਖ-ਵੱਖ ਤਰ੍ਹਾਂ ਦੇ ਉਤਪਾਦਾਂ ਨੂੰ ਵੀ ਨੁਮਾਇਸ਼ਾਂ ਵਿੱਚ ਦਿਖਾਇਆ ਗਿਆ। ਇਸ ਮੌਕੇ ਤੇ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਸ ਵਿੱਚੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਵੱਲ ਕਿਸਾਨਾਂ ਦਾ ਵਿਸ਼ੇਸ਼ ਧਿਆਨ ਰਿਹਾ। ਇਸ ਮੌਕੇ ਕਿਸਾਨਾਂ ਨੂੰ ਸੁਚੱਜਾ ਪਰਾਲੀ ਪ੍ਰਬੰਧਨ ਸਬੰਧੀ ਖੇਤੀ ਸਾਹਿਤ ਵੰਡਿਆ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਤੇ ਡਾ. ਭੂਪੇਸ਼ ਜੋਸ਼ੀ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਨਿਭਾਈ।
ਇਸ ਮੌਕੇ ਡਾ. ਕੁਲਦੀਪ ਸਿੰਘ ਡਾਇਰੈਕਟਰ ਖੇਤਰੀ ਖੋਜ਼ ਕੇਦਰ, ਡਾ. ਜਗਸੀਰ ਸਿੰਘ ਟਰੇਨਿੰਗ ਅਫਸਰ, ਡਾ. ਕੁਲਵੰਤ ਸਿੰਘ ਬਲਾਕ ਅਫਸਰ, ਡਾ. ਗੁਰਪ੍ਰੀਤ ਸਿੰਘ ਬਲਾਕ ਅਫਸਰ, ਡਾ. ਚਰਨਜੀਤ ਸਿੰਘ, ਡਾ. ਅਵੀਨਿੰਦਰ ਪਾਲ ਸਿੰਘ, ਇੰਜ. ਹਰਚਰਨ ਸਿੰਘ, ਡਾ. ਗੁਰਿੰਦਰਪਾਲ ਸਿੰਘ ਅਤੇ ਸਮੂਹ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।