ਗੋਲ਼ਡ ਮੈਡਲਿਸਟ ਸ਼ੂਟਰ ਸਿਫ਼ਤ ਕੌਰ ਸਮਰਾ ਬਾਬਾ ਫ਼ਰੀਦ ਜੀ ਦਾ ਆਸ਼ੀਰਵਾਦ ਲੈਣ ਲਈ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਪਹੁੰਚੇ
ਫ਼ਰੀਦਕੋਟ, 7 ਅਕਤੂਬਰ (ਪੰਜਾਬ ਡਾਇਰੀ)- ਏਸ਼ੀਅਨ ਖੇਡਾਂ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ ਵਾਲੀ ਫਰੀਦਕੋਟ ਦੀ ਧੀ ਗੋਲ਼ਡ ਮੈਡਲਿਸਟ ਸ਼ੂਟਰ ਸਿਫ਼ਤ ਕੌਰ ਸਮਰਾ ਅੱਜ ਬਾਬਾ ਫ਼ਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਪਹੁੰਚੇ । ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾਕਟਰ ਗੁਰਇੰਦਰ ਮੋਹਨ ਸਿੰਘ ਅਤੇ ਸਮੁੱਚੀ ਕਮੇਟੀ ਨੇ ਫ਼ਰੀਦਕੋਟ ਦੀ ਇਸ ਹੋਣਹਾਰ ਧੀ ਦਾ ਨਿੱਘਾ ਸਵਾਗਤ ਕਰਦੇ ਹੋਏ ਸਰੋਪਾ, ਦੁਸ਼ਾਲਾ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਡਾਕਟਰ ਗੁਰਇੰਦਰ ਮੋਹਨ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਫ਼ਤ ਕੌਰ ਸਮਰਾ ਫ਼ਰੀਦਕੋਟ ਦੀ ਵਸਨੀਕ ਹਨ । ਉਹ ਆੜਤੀਏ ਬੰਪੀ ਸਮਰਾ ਜੀ ਦੀ ਧੀ ਹਨ । ਉਨ੍ਹਾਂ ਨੇ ਪਿਛਲੇ ਦਿਨੀਂ ਏਸ਼ਿਆਈ ਖੇਡਾਂ ਵਿੱਚ ਸ਼ੂਟਿਗ ਵਿੱਚ ਗੋਲਡ ਮੈਡਲ ਹਾਸਲ ਕੀਤਾ ਅਤੇ ਵਿਸ਼ਵ ਰਿਕਾਰਡ ਬਣਾ ਕੇ ਫ਼ਰੀਦਕੋਟ ਜਿਲ੍ਹੇ ਦਾ ਮਾਣ ਵਧਾਇਆ ਹੈ । ਉਨਾਂ ਦੀ ਇਸ ਪ੍ਰਾਪਤੀ ਤੇ ਸਮੁੱਚੇ ਜਿਲੇ ਨੂੰ ਬੇਹਦ ਮਾਣ ਅਤੇ ਫ਼ਖ਼ਰ ਮਹਿਸੂਸ ਹੋ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ, ਜਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਸ. ਸਤਿੰਦਰ ਪਾਲ ਸਿੰਘ ਸੰਧੂ ਅਤੇ ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ ਵੀ ਹਾਜ਼ਰ ਸਨ। ਬਾਬਾ ਫ਼ਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਖ਼ਾਲਸਾ ਨੇ ਇਸ ਹੋਣਹਾਰ ਬੱਚੀ ਨੂੰ ਅਤੇ ਉਸਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ।