ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਦਾ ਹੋਇਆ ਦਿਹਾਂਤ
ਫ਼ਰੀਦਕੋਟ 12 ਅਕਤੂਬਰ (ਪੰਜਾਬ ਡਾਇਰੀ)- ਪ੍ਰੋ.(ਡਾ.) ਐਸ.ਐਸ. ਗਿੱਲ, ਸਾਬਕਾ ਵਾਈਸ-ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਮਿਤੀ 12.10.2023 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਹਨ, ਜਿਨ੍ਹਾਂ ਵੱਲੋਂ 5.11.2008 ਤੋਂ 4.11.2014 ਤੱਕ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਵਜੋਂ ਸੇਵਾ ਨਿਭਾਈ ਸੀ। ਯੂਨੀਵਰਸਿਟੀ ਅਤੇ ਇਸਦੇ ਕੰਸਚੀਚਿਊਟ ਕਾਲਜ, ਡਾ: ਗਿੱਲ ਦੇ ਡਾਕਟਰੀ ਸਿੱਖਿਆ ਵਿੱਚ ਅਥਾਹ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਅਤੇ ਇਸ ਦੇ ਕੰਸਟੀਚਿਊਟ ਕਾਲਜਾਂ ਨੇ ਤਰੱਕੀ ਦੀਆਂ ਵੱਡੀਆਂ ਉਚਾਈਆਂ ਹਾਸਲ ਕੀਤੀਆਂ। ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਉੱਘੀਆਂ ਸੇਵਾਵਾਂ ਅਤੇ ਯੋਗਦਾਨ ਦੀ ਹਮੇਸ਼ਾ ਸ਼ਲਾਘਾ ਕੀਤੀ ਜਾਂਦੀ ਰਹੇਗੀ।
ਉਨ੍ਹਾਂ ਨੇ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ, ਹਸਪਤਾਲ ਦੀਆਂ ਸੇਵਾਵਾਂ ਨੂੰ ਅਪਗ੍ਰੇਡ ਕਰਨ, ਨਵੇਂ ਸੁਪਰ-ਸਪੈਸ਼ਲਿਟੀ ਵਿਭਾਗਾਂ ਜਿਵੇਂ ਕਿ ਨਿਊਰੋ-ਸਰਜਰੀ, ਯੂਰੋਲੋਜੀ, ਰੇਡੀਓਥੈਰੇਪੀ, ਨਿਊਕਲੀਅਰ ਮੈਡੀਸਨ, ਨਵੀਆਂ ਯੂਨਿਟਾਂ/ਪ੍ਰੋਜੈਕਟਾਂ ਆਦਿ ਦੀ ਸ਼ੁਰੂਆਤ ‘ਤੇ ਹਮੇਸਾਂ ਹੀ ਆਪਣਾ ਧਿਆਨ ਕੇਂਦਰਿਤ ਰੱਖਿਆ। ਨਾਮਵਰ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਅੰਤਰਰਾਸ਼ਟਰੀ ਸਹਿਯੋਗ ਲਈ ਐਮ.ਓ.ਯੂ. ਸਾਈਨ ਕੀਤੇ। ਉਨ੍ਹਾਂ ਨੇ ਦੇਸ਼ ਵਿੱਚ ਆਪਣੀ ਪਹਿਲੀ ਕਿਸਮ ਦਾ HSLIBNET (ਹੈਲਥ ਸਾਇੰਸ ਲਾਇਬ੍ਰੇਰੀ ) ਦੀ ਸੁਰੂਆਤ ਕੀਤੀ।
ਡਾ: ਗਿੱਲ ਦੇ ਮਾਰਗ ਦਰਸ਼ਨ ਅਧੀਨ ਯੂਨੀਵਰਸਿਟੀਆਂ ਨੂੰ ਖੋਜ ਕੇਂਦਰ ਵਿਕਸਿਤ ਕਰਨ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਵੱਡੀਆਂ ਗ੍ਰਾਂਟਾਂ ਪ੍ਰਾਪਤ ਹੋਈਆਂ । ਉਨ੍ਹਾਂ ਨੇ ਕਰਮਚਾਰੀਆਂ, ਪੈਰਾ ਮੈਡੀਕਲ ਸਟਾਫ਼, ਤਕਨੀਕੀ ਸਟਾਫ਼, ਫੈਕਲਟੀ ਅਤੇ ਡਾਕਟਰਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਯੂਨੀਵਰਸਿਟੀ ਡਾ: ਗਿੱਲ ਵੱਲੋਂ ਕੀਤੇ ਅਣਥੱਕ ਯਤਨਾਂ ਅਤੇ ਸਖ਼ਤ ਮਿਹਨਤ ਨੂੰ ਅੱਗੇ ਵੀ ਜਾਰੀ ਰੱਖੇਗੀ। ਡਾ: ਗਿੱਲ ਦਾ ਦੇਹਾਂਤ ਮੈਡੀਕਲ ਸਿੱਖਿਆ, ਯੂਨੀਵਰਸਿਟੀ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡਾ: ਗਿੱਲ ਦੇ ਅਚਾਨਕ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਪ੍ਰੋ (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, ਬੀ.ਐਫ.ਯੂ.ਐਚ.ਐਸ., ਫਰੀਦਕੋਟ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆ ਦੱਸਿਆ ਕਿ ਇਹ ਨਾ ਸਿਰਫ ਸਮਾਜ ਅਤੇ ਯੂਨੀਵਰਸਿਟੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ, ਉਨ੍ਹਾਂ ਨੇ ਅੱਗੇ ਦੱਸਿਆ ਕਿ ਡਾ: ਗਿੱਲ ਮੇਰੇ ਪਰਮ ਮਿੱਤਰ ਅਤੇ ਮਾਰਗ ਦਰਸਕ ਸਕਤੀ ਸ਼ਨ, ਉਨ੍ਹਾਂ ਦਾ ਸੰਸਾਰ ਤੋ ਚਲੇ ਜਾਣਾ ਮੇਰੇ ਲਈ ਆਪਣੇ ਆਪ ਲਈ ਨਿੱਜੀ ਘਾਟਾ ਹੈ। ਯੂਨੀਵਰਸਿਟੀ ਅਤੇ ਇਸ ਦੇ ਸਮੂਹ ਕਾਲਜਾਂ ਦੇ ਸਟਾਫ਼ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਰੱਖਿਆ। ਡਾ: ਗਿੱਲ ਦੀ ਸ਼ਰਧਾਂਜਲੀ ਵਜੋਂ ਯੂਨੀਵਰਸਿਟੀ ਵਿੱਚ ਰਾਸ਼ਟਰੀ ਝੰਡਾ ਤਿੰਨ ਦਿਨਾਂ ਲਈ ਅੱਧਾ ਝੁਕਾਇਆ ਜਾਵੇਗਾ।