ਲਵਾਰਿਸ ਹਾਲਤ ਵਿੱਚ ਮਿਲ਼ੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ
ਫ਼ਰੀਦਕੋਟ 6 ਨਵੰਬਰ (ਪੰਜਾਬ ਡਾਇਰੀ)- ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਵੱਲੋਂ ਸ਼ਨੀਵਾਰ ਦੀ ਰਾਤ ਰੇਲ ਗੱਡੀ ਵਿੱਚੋ ਲਵਾਰਿਸ ਹਾਲਤ ਵਿੱਚ ਮਿਲ਼ੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ ਗਿਆ।ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਚਾਈਲਡ ਹੈਲਪ ਲਾਈਨ 24*7 (1098) ਤੋਂ ਕਾਲ ਪ੍ਰਾਪਤ ਹੋਈ ਕਿ ਰੇਲਵੇ ਪੁਲਿਸ ਚੌਂਕੀ ਕੋਟਕਪੂਰਾ ਵਿਖੇ ਮਿਤੀ ਸ਼ਨੀਵਾਰ ਰਾਤ ਨੂੰ ਇੱਕ ਰੇਲ ਗੱਡੀ ਵਿੱਚ ਕਰੀਬ 9 ਸਾਲ ਦਾ ਇੱਕ ਬੱਚਾ ਲਵਾਰਿਸ ਹਾਲਤ ਵਿੱਚ ਮਿਲਿਆ। ਇਸ ਸਬੰਧੀ ਰੇਲਵੇ ਪੁਲਿਸ ਕੋਟਕਪੂਰਾ ਵੱਲੋਂ ਡੀ.ਡੀ.ਆਰ ਦਰਜ ਕੀਤੀ ਗਈ ਅਤੇ ਬੱਚੇ ਦੇ ਮਾਂ ਬਾਪ ਸਬੰਧੀ ਤਲਾਸ਼ ਵੀ ਕੀਤੀ ਗਈ । ਇਸ ਉਪਰੰਤ ਬੱਚੇ ਨੂੰ ਰੇਲਵੇ ਪੁਲਿਸ ਚੌਕੀ ਕੋਟਕਪੂਰਾ ਪਾਸੋ ਪ੍ਰਾਪਤ ਕਰਨ ਉਪਰੰਤ ਬੱਚੇ ਅਤੇ ਪਰਿਵਾਰ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ । ਬੱਚੇ ਨੂੰ ਸਮਝਾਇਆ ਗਿਆ ਕਿ ਅੱਗੇ ਤੋਂ ਉਹ ਆਪਣੇ ਪਰਿਵਾਰ ਨੂੰ ਬਿਨਾ ਦੱਸੇ ਘਰ ਤੋਂ ਇਕੱਲਾ ਕਿਤੇ ਬਾਹਰ ਨਾਂ ਨਿਕਲੇ ਅਤੇ ਉਹ ਆਪਣੇ ਪਰਿਵਾਰ ਦਾ ਕਹਿਣਾ ਮੰਨੇ। ਬੱਚੇ ਦੇ ਪਰਿਵਾਰ ਨੂੰ ਵੀ ਬੱਚੇ ਦਾ ਧਿਆਨ ਰੱਖਣ ਅਤੇ ਬੱਚੇ ਨੂੰ ਪਿਆਰ ਨਾਲ ਸਮਝਾਉਣ ਲਈ ਕਿਹਾ ਗਿਆ। ਇਸ ਉਪਰੰਤ ਸਾਰੀ ਕਾਗਜੀ ਕਾਰਵਾਈ ਕਰਨ ਉਪਰੰਤ ਬੱਚੇ ਨੂੰ ਸਹੀ ਸਲਾਮਤ ਪਰਿਵਾਰ ਦੇ ਸਪੁਰਦ ਕੀਤਾ ਗਿਆ। ਬੱਚੇ ਦੇ ਪਰਿਵਾਰ ਨੂੰ ਬੱਚਾ ਸਹੀ ਸਲਾਮਤ ਮਿਲਣ ਤੇ ਕਮੇਟੀ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਧੰਨਵਾਦ ਕੀਤਾ ।
ਇਸ ਮੌਕੇ ਚੇਅਰਮੈਨ ਬਾਲ ਭਲਾਈ ਕਮੇਟੀ ਹਰਦਾਸ ਸਿੰਘ, ਪ੍ਰੋਟੈਕਸ਼ਨ ਅਫਸਰ ਆਈ.ਸੀ. ਸੁਖਮੰਦਰ ਸਿੰਘ, ਸੋਸ਼ਲ ਵਰਕਰ ਰਮਨਪ੍ਰੀਤ ਕੌਰ ਬਰਾੜ ਤੋਂ ਇਲਾਵਾ ਆਉਟਰੀਚ ਵਰਕਰ ਨੇਹਾ ਰਾਣੀ ਵੀ ਹਾਜ਼ਰ ਸਨ।