ਪਨਸਪ ਵਿਭਾਗ ਦੀ 17 ਹਜ਼ਾਰ ਗੱਟੇ ਕਣਕ ਖੁਰਦ-ਬੁਰਦ, ਪਰਚਾ ਦਰਜ
ਫ਼ਰੀਦਕੋਟ, 11 ਮਾਰਚ – (ਪ੍ਰਸ਼ੋਤਮ ਕੁਮਾਰ) – ਫ਼ਰੀਦਕੋਟ ਵਿੱਚ ਸਥਿੱਤ ਇੱਕ ਸਟੋਰ ਵਿੱਚੋਂ ਪਨਸਪ ਵਿਭਾਗ ਦੀ ਕਰੋੜਾਂ ਰੁਪਏ ਦੀ ਕਣਕ ਖੁਰਦ-ਬੁਰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲੀਸ ਫਰੀਦਕੋਟ ਨੇ ਇਸ ਮਾਮਲੇ ਵਿੱਚ ਪਨਸਪ ਵਿਭਾਗ ਦੇ ਜਿਲ੍ਹਾ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪਨਸਪ ਦੇ ਇੱਕ ਅਧਿਕਾਰੀ ਜਸਦੀਪ ਸਿੰਘ ਖਿਲਾਫ਼ ਕਣਕ ਖੁਰਦ ਬੁਰਦ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸਕੀਮਾਂ ਅਧੀਨ ਮਿਲਣ ਵਾਲੀ ਕਣਕ ਪਨਸਪ ਵਿਭਾਗ ਨੇ ਬੋਥਰਾ ਓਪਨ ਪਲਿੰਥ ਐਫ.ਸੀ.ਆਈ ਫਰੀਦਕੋਟ ਵਿੱਚ ਰੱਖੀ ਸੀ। ਜਦੋਂ ਪਨਸਪ ਵਿਭਾਗ ਦੇ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਮੌਕੇ ‘ਤੇ ਜਾ ਕੇ ਸਟਾਕ ਦਾ ਜਾਇਜ਼ਾ ਲਿਆ ਤਾਂ ਉਸ ਵਿੱਚੋਂ ਕਣਕ ਦੇ 17214 ਗੱਟੇ ਘੱਟ ਸਨ। ਜਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਨਸਪ ਦੇ ਜਿਲ੍ਹਾ ਮੈਨੇਜਰ ਦੀ ਸ਼ਿਕਾਇਤ ਦੇ ਅਧਾਰ ‘ਤੇ ਆਈ.ਪੀ.ਸੀ ਦੀ ਧਾਰਾ 420, 406, 409, 427 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ। ਪਨਸਪ ਵਿਭਾਗ ਆਪਣੇ ਪੱਧਰ ‘ਤੇ ਵੀ ਮਾਮਲੇ ਦੀ ਵਿਭਾਗੀ ਪੜਤਾਲ ਕਰ ਰਿਹਾ ਹੈ। ਸੂਚਨਾ ਅਨੁਸਾਰ ਜਿਸ ਪਲਿੰਥ ਵਿੱਚੋਂ 17214 ਗੱਟੇ ਗੁੰਮ ਹੋਏ ਹਨ, ਉੱਥੇ ਪਨਸਪ ਵਿਭਾਗ ਨੇ ਕਣਕ ਦੇ 1 ਲੱਖ 26 ਹਜ਼ਾਰ ਗੱਟੇ ਲਾਏ ਹੋਏ ਸਨ ਅਤੇ ਇਹ ਅਨਾਜ ਸਰਕਰੀ ਸਕੀਮਾਂ ਅਧੀਨ ਪਿੰਡਾਂ ਅਤੇ ਸ਼ਹਿਰਾਂ ਦੇ ਡਿਪੂਆਂ ਅਤੇ ਸਕੂਲਾਂ ਨੂੰ ਭੇਜਿਆ ਜਾਣਾ ਸੀ।