ਜਿਲਾ ਮੈਜਿਸਟਰੇਟ ਵੱਲੋਂ ਹੈਜ਼ੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਉਪਾਅ ਕਰਨ ਦੇ ਹੁਕਮ ਜਾਰੀ
ਹੁਕਮ 31 ਦਸੰਬਰ 2022 ਤੱਕ ਲਾਗੂ ਰਹਿਣਗੇ
ਫਰੀਦਕੋਟ, 24 ਮਾਰਚ (ਗੁਰਮੀਤ ਸਿੰਘ ਬਰਾੜ) ਐਪੀਡੈਮਿਕ ਡਜੀਜ਼ ਐਕਟ 1897 ਦੀ ਧਾਰਾ 2 ਅਧੀਨ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿ਼ਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਆਈ.ਏ.ਐਸ. ਨੇ ਫਰੀਦਕੋਟ ਜ਼ਿਲ੍ਹੇ ਦੀ ਹਦੂਦ, ਜਿਸ ਵਿੱਚ ਨਗਰ ਪਾਲਿਕਾ ਖੇਤਰ ਸ਼ਾਮਿਲ ਹਨ ਦੇ ਅੰਦਰ ਹੈਜ਼ੇ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਜਾਲੀ ਜਾਂ ਸੀਸੇ ਨਾਲ ਢੱਕੇ ਤੋਂ ਬਿਨਾਂ ਹਰ ਕਿਸਮ ਦੇ ਵੱਧ ਪੱਕੇ ਹੋਏ, ਘੱਟ ਪਕੇ ਹੋਏ ਅਤੇ ਕੱਟ ਕੇ ਰੱਖੇ ਹੋਏ ਫਲ ਵੇਚਣ ਦੀ ਮਨਾਹੀ ਹੈ। ਮਠਿਆਈਆਂ, ਮੀਟ, ਕੇਕ, ਬਿਸਕੁੱਟ, ਡਬਲਰੋਟੀ, ਭੁੱਜੇ ਹੋਏ ਛੋਲੇ ਅਤੇ ਦੂਸਰੀਆਂ ਖਾਣ ਪੀਣ ਦੀਆਂ ਵਸਤਾਂ ਨੂੰ ਜਾਲੀ ਜਾਂ ਸ਼ੀਸ਼ੇ ਦੇ ਢੱਕਣ ਤੋਂ ਬਗੈਰ ਵੇਚਣ ਜਾਂ ਪ੍ਰਦਰਸ਼ਨ ਕਰਨ ਤੋਂ ਮਨਾਹੀ ਹੈ। ਬਰਫ਼, ਬਰਫ਼ ਦਾ ਗੋਲਾ, ਬਰਫ਼ ਦੀ ਕੈਂਡੀ, ਖਣਿਜੀ ਪਾਣੀ, ਸਥਾਨਕ ਸੌਢਾ ਪਾਣੀ, ਬੋਤਲ ਬੰਦ ਪਾਣੀ, ਜਿਸ ਨੂੰ ਪੰਜਾਬ ਸਰਕਾਰ, ਚੰਡੀਗੜ੍ਹ ਦੇ ਜੀਵਾਣੂ ਵਿਗਿਆਨੀ ਦੁਆਰਾ ਮਨੁੱਖੀ ਖਪਤ ਲਈ ਯੋਗ ਤਸਦੀਕ ਨਾ ਕੀਤਾ ਗਿਆ ਹੋਵੇ, ਪੀਣ ਲਈ ਪਾਣੀ ਬਣਾਉਣਾ, ਬਾਹਰੋਂ ਮੰਗਵਾਉਣਾ/ ਬਾਹਰ ਭੇਜਣਾ, ਵੇਚਣਾ ਜਾਂ ਵੇਚਣ ਲਈ ਦਿਖਾਵਾ ਕਰਨ ਲਈ ਰੱਖਣ ਦੀ ਮਨਾਹੀ ਹੈ। ਗੰਨੇ ਦਾ ਰਸ, ਲੱਸੀ, ਸਰਬਤ, ਸਿੰਕਜਵੀ ਆਦਿ, ਜਦੋਂ ਤੱਕ ਕਿ ਇਹ ਸਾਫ ਸੁਥਰੇ ਹਾਲਤਾਂ ਵਿੱਚ ਤਿਆਰ ਨਾ ਕੀਤਾ ਗਿਆ ਹੋਵੇ, ਨੂੰ ਵੇਚਣ ਜਾਂ ਵੇਚਣ ਦਾ ਦਿਖਾਵਾ ਕਰਨ ਲਈ ਰੱਖਣ ਉੱਤੇ ਮਨਾਹੀ ਹੈ। ਹੈਜੇ ਦੀ ਮਹਾਂਮਾਰੀ ਫੈਲਣ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਉਸ ਇਲਾਕੇ ਵਿੱਚ ਵਸਦੇ ਸਾਰੇ ਵਿਅਕਤੀਆਂ ਦੇ ਹਜ਼ੇ ਦੇ ਬਚਾਓ ਲਈ ਟੀਕਾਕਰਨ ਅਤੇ ਜੇਕਰ ਸਿਵਲ ਸਰਜਨ ਜ਼ਰੂਰੀ ਸਮਝਣ, ਮੈਡੀਕਲ ਚੈਕ ਪੋਸਟਾਂ ਬਣਾਉਣ ਦੇ ਹੁਕਮ ਜਾਰੀ ਕਰ ਸਕਦੇ ਹਨ। ਜਿ਼ਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਆਈ.ਏ.ਐਸ. ਨੇ ਸਿਵਲ ਸਰਜਨ, ਫਰੀਦਕੋਟ, ਫਰੀਦਕੋਟ ਜ਼ਿਲ੍ਹੇ ਦੇ ਸਾਰੇ ਕਾਰਜਕਾਰੀ ਮੈਜਿਸਟਰੇਟ, ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ, ਸਾਰੇ ਸੀਨੀਅਰ ਮੈਡੀਕਲ ਅਫਸਰ, ਗੋਰਮਿੰਟ ਫੂਡ ਇਨਸਪੈਕਟਰ, ਸਰਕਾਰ ਦੇ ਸਾਰੇ ਮੈਡੀਕਲ ਅਫ਼ਸਰ, ਸਹਾਇਕ ਮਲੇਰੀਆ ਅਫ਼ਸਰ, ਸਹਾਇਕ ਯੂਨਿਟ ਅਫ਼ਸਰ, ਸਾਰੇ ਸੈਨੇਟਰੀ ਇੰਸਪੈਕਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ ਨੂੰ ਅਧਿਕਾਰ ਖੇਤਰ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਬਜ਼ਾਰਾਂ, ਇਮਾਰਤਾਂ, ਦੁਕਾਨਾਂ, ਸਟਾਲਾਂ ਜਾਂ ਅਜਿਹੀਆਂ ਥਾਵਾਂ ਜਿਥੇ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਹੋਣ, ਦਾ ਨਿਰੀਖਣ ਕਰਨ ਅਤੇ ਮਨੁੱਖੀ ਵਰਤੋਂ ਦੇ ਅਯੋਗ ਖਾਣ ਪੀਣ ਦੀਆਂ ਵਸਤੂਆਂ ਨੂੰ ਸਟੋਰ ਕਰਨ, ਹਟਵਾ ਦੇਣ, ਕਾਬੂ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਵਾ ਦੇਣ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਹਵਾਈ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਸਿਵਲ ਸਰਜਨ, ਫਰੀਦਕੋਟ ਨੂੰ ਜੇਕਰ ਉਹ ਯੋਗ ਸਮਝਣ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਚਿਕਿੱਤਸਾ ਨਿਰੀਖਣ ਚੌਕੀਆਂ ਸਥਾਪਤ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ। ਚਿਕਿੰਤਸਾ ਨਿਰੀਖਣ ਚੌਕੀਆਂ ਉਤੇ ਨਿਯੁਕਤ ਕੀਤੇ ਸਾਰੇ ਅਧਿਕਾਰੀਆਂ ਨੂੰ ਵਾਹਣ ਰੋਕ ਕੇ ਹੈਜ਼ੇ ਦੇ ਸ਼ੱਕੀ ਯਾਤਰੀਆਂ ਦੀ ਡਾਕਟਰੀ ਜਾਂਚ ਕਰਨ ਅਤੇ ਯਾਤਰਾ ਵਿਚਕਾਰ ਹੀ ਰੋਕ ਕੇ ਇਲਾਜ ਕਰਨ ਦੇ ਅਧਿਕਾਰ ਦਿੱਤੇ ਹਨ। ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ 31 ਦਸੰਬਰ 2022 ਤੱਕ ਲਾਗੂ ਰਹਿਣਗੇ