ਆਮ ਆਦਮੀ ਪਾਰਟੀ ਦੇ ਜੇਤੂ ਰਹੇ ਜ਼ਿਲਾ ਫ਼ਰੀਦਕੋਟ ਦੇ ਤਿੰਨਾਂ ਵਿਧਾਇਕਾਂ ਦਾ ਸਨਮਾਨ ਸਮਾਰੋਹ
ਵਿਗੜੇ ਸਿਸਟਮ ਦੇ ਸੁਧਾਰ ਲਈ ਸਮੁੱਚੀ ਜਨਤਾ ਦੇ ਸਹਿਯੋਗ ਦੀ ਲੋੜ : ਸੰਧਵਾਂ
ਮਾਫੀਏ ਦੀਆਂ ਜੜਾਂ ਪੁੱਟਣ ਲਈ ਇਮਾਨਦਾਰੀ ਅਤੇ ਦਲੇਰੀ ਦੀ ਲੋੜ : ਸੇਖੋਂ
‘ਆਪ’ ਸਰਕਾਰ ਵਿੱਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਉਸਾਰੂ ਦੌਰ : ਜੈਤੋ
ਕੋਟਕਪੂਰਾ, 28 ਮਾਰਚ :- ਜ਼ਿਲਾ ਫਰੀਦਕੋਟ ਦੇ ਤਿੰਨਾਂ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਵਿਧਾਇਕ ਕ੍ਰਮਵਾਰ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਤੋਂ ਅਮੋਲਕ ਸਿੰਘ ਦਾ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਵਲੋਂ ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਕਲੱਬ ਦੇ ਪ੍ਰਧਾਨ ਤੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਉਕਤ ਵਿਧਾਇਕਾਂ ਦੀ ਸਮਾਜਸੇਵੀ ਸੋਚ ਦੀ ਪ੍ਰਸੰਸਾ ਕੀਤੀ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਨੇ ਤਿੰਨਾ ਵਿਧਾਇਕਾਂ ਦੀ ਸੰਖੇਪ ਜੀਵਨੀ ਅਤੇ ਗੁੱਡ ਮੌਰਨਿੰਗ ਕਲੱਬ ਦੀਆਂ ਮਨੁੱਖਤਾ ਦੀ ਭਲਾਈ ਵਾਲੀਆਂ ਸੇਵਾਵਾਂ ਦਾ ਵੀ ਸੰਖੇਪ ਵਿੱਚ ਜਿਕਰ ਕੀਤਾ। ਆਪਣੇ ਸੰਬੋਧਨ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਰਵਾਇਤੀ ਪਾਰਟੀਆਂ ਵਲੋਂ ਸਿਸਟਮ ਵਿੱਚ ਪਾਏ ਵਿਗਾੜ ਦੇ ਸੁਧਾਰ ਲਈ ਸਾਨੂੰ ਸਮੁੱਚੀ ਜਨਤਾ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਸਰਕਾਰ ਦੀ ਮਹਿਜ 2 ਹਫਤਿਆਂ ਦੀ ਲੋਕਹਿੱਤਾਂ ਵਾਲੀ ਕਾਰਗੁਜਾਰੀ ਦੀ ਦੁਨੀਆਂ ਭਰ ਵਿੱਚ ਚਰਚਾ ਛਿੜ ਪਈ ਹੈ। ਸ੍ਰ ਸੰਧਵਾਂ ਨੇ ਗੁੱਡ ਮੌਰਨਿੰਗ ਕਲੱਬ ਦੇ ਸੇਵਾ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਅਗਲੇ ਦੋ ਸਾਲਾਂ ਲਈ ਡਾ ਮਨਜੀਤ ਸਿੰਘ ਢਿੱਲੋਂ ਨੂੰ ਹੀ ਕਲੱਬ ਦਾ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ। ਗੁਰਦਿੱਤ ਸਿੰੰਘ ਸੇਖੋਂ ਨੇ ਵੀ ਦੁਹਰਾਇਆ ਕਿ ਹਰ ਤਰਾਂ ਦੇ ਮਾਫੀਏ ਦੇ ਖਾਤਮੇ ਲਈ ਆਮ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ, ਕਿਉਂਕਿ ਮਾਫੀਏ ਦੀਆਂ ਜੜਾਂ ਪੁੱਟਣ ਲਈ ਇਮਾਨਦਾਰੀ ਦੇ ਨਾਲ-ਨਾਲ ਸਹਿਯੋਗ ਅਤੇ ਹੱਲਾਸ਼ੇਰੀ ਵੀ ਜਰੂਰੀ ਹੈ। ਅਮੋਲਕ ਸਿੰਘ ਜੈਤੋ ਨੇ ‘ਆਪ’ ਸਰਕਾਰ ਵਿੱਚ ਜਿਆਦਾਤਰ ਨੌਜਵਾਨਾਂ ਦੇ ਮੰਤਰੀ ਅਤੇ ਵਿਧਾਇਕ ਬਣਨ ਨੂੰ ਉਸਾਰੂ ਪਹਿਲਕਦਮੀ ਦੱਸਦਿਆਂ ਆਖਿਆ ਕਿ ਲੋਕਾਂ ਦੀ ਇਸ ਸਰਕਾਰ ਵਿੱਚ ਜਿਆਦਾਤਰ ਨਵੇਂ ਚਿਹਰੇ ਹੀ ਚੁਣ ਕੇ ਆਏ ਹਨ ਤੇ ਲਗਭਗ ਸਾਰੇ ਹੀ ਇਮਾਨਦਾਰ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਯਤਨਸ਼ੀਲ ਰਹਿਣ ਵਾਲੇ ਹਨ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ ਅਤੇ ਕਾਲਜ ਦੇ ਡਿਪਟੀ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ’ਚ ਤਿੰਨਾਂ ਵਿਧਾਇਕਾਂ ਨੂੰ ਲੋਈ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲਾ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਪਾਲ ਸਿੰਘ ਬਰਾੜ, ਪ੍ਰੋ. ਦਰਸ਼ਨ ਸਿੰਘ ਸੰਧੂ, ਸੁਖਜੀਤ ਸਿੰਘ ਢਿੱਲਵਾਂ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਸੁਰਿੰਦਰ ਸਿੰਘ ਸਦਿਉੜਾ, ਸੁਨੀਲ ਸਿੰਘ ਕਪੂਰ, ਸਰਨ ਕੁਮਾਰ, ਗੁਰਮੀਤ ਸਿੰਘ ਮੀਤਾ, ਮਨਤਾਰ ਸਿੰਘ ਮੱਕੜ, ਗੁਰਚਰਨ ਸਿੰਘ ਬੱਬੂ ਆਦਿ ਨੇ ਵੀ ਸੰਬੋਧਨ ਕੀਤਾ।