ਬੈਂਕ ਖਾਤਾ ਬੰਦ ਕਰਾਉਣ ਵਾਲੀ ਪ੍ਰੋ. ਭੂਪਿੰਦਰ ਕੌਰ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ : ਢੋਸੀਵਾਲ
— ਬੇਲੋੜੀ ਦੇਰੀ ਬਣੀ ਚਰਚਾ ਦਾ ਵਿਸ਼ਾ
ਫਰੀਦਕੋਟ, 11 ਅਪ੍ਰੈਲ – ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਯੂਕੋਨ ਫਰੀਦਕੋਟ ਵਿਖੇ ਐਸ.ਐਨ.ਏ. ਫੰਡ ਗਬਨ ਕਾਂਡ ਦਾ ਮਾਮਲਾ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਨੇ ਆਪਣੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਰਾਹੀਂ ਯੂਨੀਵਰਸਿਟੀ ਦੇ ਧਿਆਨ ਵਿੱਚ ਲਿਆਂਦਾ ਸੀ। ਯੂਨੀਵਰਸਿਟੀ ਦੇ ਕੁਸ਼ਲ ਪ੍ਰਸ਼ਾਸਕ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਵਾਈਸ ਚਾਂਸਲਰ ਪ੍ਰੋ. ਡਾ. ਰਾਜ ਬਹਾਦਰ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਈ। ਜਿਲੇ ਦੀ ਮੌਜੂਦਾ ਡਿਪਟੀ ਕਮਿਸ਼ਨਰ ਅਤੇ ਉਸ ਵੇਲੇ ਦੀ ਰਜਿਸਟਰਾਰ ਰੂਹੀ ਦੁੱਗ ਆਈ.ਏ.ਐਸ. ਵੱਲੋਂ ਮਾਮਲੇ ਦੀ ਪੜਤਾਲ ਕਰਵਾਈ ਗਈ। ਪੜਤਾਲ ਦੌਰਾਨ ਐਸ.ਐਨ.ਏ. ਫੰਡ ਦੇ ਬੈਂਕ ਖਾਤੇ ਨੂੰ ਬੰਦ ਕਰਵਾ ਕੇ, ਕਢਵਾਈ ਰਾਸ਼ੀ ਖੁਰਦ ਬੁਰਦ ਕਰਨ ਅਤੇ ਰਿਕਾਰਡ ਨੂੰ ਸਹੀ ਮੇਨਟੈਂਸ ਨਾ ਕੀਤੇ ਜਾਣ ਦੀ ਪੁਸ਼ਟੀ ਹੋ ਗਈ। ਖਾਤੇ ਵਿਚੋਂ ਪੈਸੇ ਕਢਵਾ ਕੇ ਹੜਪ ਕਰਨ ਵਾਲੇ ਉਸ ਵੇਲੇ ਦੇ ਯੂਕੋਨ ਪਿ੍ਰੰ. ਐਚ.ਸੀ.ਐਲ. ਰਾਵਤ ਦੀਆਂ ਸਰਕਾਰੀ ਸੇਵਾਵਾਂ ਖਤਮ ਕਰ ਦਿੱਤੀਆਂ, ਰਿਕਾਰਡ ਦੀ ਸਹੀ ਦੇਖਭਾਲ ਨਾ ਕਰਨ ਵਾਲੀ ਐਸ.ਐਨ.ਏ. ਐਡਵਾਈਜਰ ਕੁਲਦੀਪ ਸੋਨੀ ਡੈਮੋ ਦੀ ਪ੍ਰਮੋਸ਼ਨ ’ਤੇ ਰੋਕ ਲਾ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਮੰਚ ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਉਕਤ ਗਬਨ ਕਾਂਡ ਦੀ ਮਾਸਟਰ ਮਾਂਈਡ ਪ੍ਰੋ. ਭੂਪਿੰਦਰ ਕੌਰ ਜਿਸਨੇ ਉਕਤ ਖਾਤੇ ਨੂੰ ਅਣਅਧਿਕਾਰਤ ਤਰੀਕੇ ਨਾਲ ਖਾਤਾ ਬੰਦ ਕਰਵਾਇਆ, ਉਸ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਹੈ ਕਿ ਇੰਜ ਜਾਪਦਾ ਹੈ ਕਿ ਯੂਨੀਵਰਸਿਟੀ ਦੇ ਹੇਠਲੇ ਪੱਧਰ ਤੇ ਕੁਝ ਭਿ੍ਰਸ਼ਟ ਅਧਿਕਾਰੀ ਪ੍ਰੋ. ਭੂਪਿੰਦਰ ਕੌਰ ਜਿੰਨਾ ਦੀ ਇਸੇ ਮਹੀਨੇ ਰਿਟਾਇਰਮੈਂਟ ਹੈ, ਨੂੰ ਅਸਿੱਧੇ ਢੰਗ ਨਾਲ ਕਾਰਵਾਈ ਤੋਂ ਬਚਾ ਰਹੇ ਹਨ। ਪ੍ਰੋ. ਭੂਪਿੰਦਰ ਕੌਰ ਵਿਰੁੱਧ ਕਾਰਵਾਈ ਵਿਚ ਕੀਤੀ ਜਾਣ ਵਾਲੀ ਬੇਲੋੜੀ ਦੇਰੀ ਯੂਨੀਵਰਸਿਟੀ ਦੇ ਇਮਾਨਦਾਰ ਤੇ ਨਿਰਪੱਖ ਕਰਮਚਾਰੀਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਪ੍ਰੋ. ਭੂਪਿੰਦਰ ਕੌਰ ਵੱਲੋਂ ਬੇਨਿਯਮੀ ਕੀਤੀ ਹੋਵੇ। ਕੋਰੋਨਾ ਕਾਲ ਦੌਰਾਨ ਪ੍ਰੋ. ਭੂਪਿੰਦਰ ਕੌਰ ਵੱਲੋਂ ਕੋਵਿਡ-19 ਡਿਊਟੀ ਸਹੀ ਢੰਗ ਨਾਲ ਨਾ ਦੇਣ ਬਦਲੇ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕਰਕੇ ਇਹਨਾਂ ਦੀ ਸੇਵਾ ਪੱਤਰੀ ਵਿੱਚ ਦਰਜ ਕਰਨ ਦੀ ਹਿਦਾਇਤ ਕੀਤੀ ਗਈ ਸੀ। ਪ੍ਰਧਾਨ ਢੋਸੀਵਾਲ ਨੇ ਮੰਗ ਕੀਤੀ ਹੈ ਕਿ ਅਣਅਧਿਕਾਰਤ ਤਰੀਕੇ ਨਾਲ ਐਸ.ਐਨ.ਏ. ਬੈਂਕ ਖਾਤਾ ਬੰਦ ਕਰਾਉਣ ਵਾਲੀ ਯੂਕੋਨ ਦੀ ਪ੍ਰੋ. ਭੂਪਿੰਦਰ ਕੌਰ ਵਿਰੁੱਧ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।