ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ ਦੇ ਮਨਜੀਤ ਬਰਾੜ ਫੱਤਣਵਾਲਾ ਹੋਣਗੇ ਮੁੱਖ ਮਹਿਮਾਨ : ਢੋਸੀਵਾਲ
— 14 ਅਪ੍ਰੈਲ ਨੂੰ ਹੋਵੇਗਾ ਸਮਾਰੋਹ –
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ – ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਆਉਂਦੀ 14 ਅਪ੍ਰੈਲ ਵੀਰਵਾਰ ਨੂੰ ਡਾ. ਅੰਬੇਡਕਰ ਜੈਯੰਤੀ ਮੌਕੇ “ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ” ਆਯੋਜਿਤ ਕੀਤਾ ਜਾਵੇਗਾ। ਸਥਾਨਕ ਸਿਟੀ ਹੋਟਲ ਵਿਖੇ ਸਵੇਰੇ 11:00 ਵਜੇ ਕੀਤੇ ਜਾਣ ਵਾਲੇ ਸਮਾਰੋਹ ਦੀ ਪ੍ਰਧਾਨਗੀ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਕਰਨਗੇ। ਇਲਾਕੇ ਦੇ ਉਘੇ ਸਿਆਸਤੀ ਫੱਤਣਵਾਲਾ ਪਰਿਵਾਰ ਦੇ ਮੁਖੀ ਅਤੇ ਸ਼ੂਗਰ ਮਿਲ ਫਰੀਦਕੋਟ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਬਰਾੜ ਫੱਤਣਵਾਲਾ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਮਿਸ਼ਨ ਦੇ ਚੀਫ ਪੈਟਰਨ ਗੁਰਚਰਨ ਸਿੰਘ ਸੰਧੂ ਡੀ.ਟੀ.ਓ. ਸਮਾਰੋਹ ਦੌਰਾਨ ਸਭਨਾਂ ਨੂੰ ਜੀ ਆਇਆ ਕਹਿਣਗੇ। ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸਮਾਰੋਹ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣਗੇ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਉਕਤ ਸਮਾਰੋਹ ਸਮੇਂ ਹੋਣਹਾਰ ਵਿਦਿਆਰਥੀਆਂ ਅਤੇ ਹੋਰਨਾਂ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਸ਼ਾਨਦਾਰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅੰਬੇਡਕਰ ਜੈਯੰਤੀ ਦੀ ਖੁਸ਼ੀ ਵਿੱਚ ਮਿਸ਼ਨ ਵੱਲੋਂ ਸਭਨਾਂ ਲਈ ਵਿਸ਼ੇਸ਼ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਸਮਾਰੋਹ ਦਾ ਮੰਤਵ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਹੌਂਸਲਾ ਅਫਜਾਈ ਕਰਕੇ ਦੂਸਰਿਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦੇਣਾ ਹੈ। ਮਿਸ਼ਨ ਵੱਲੋਂ ਸਾਰਿਆਂ ਨੂੰ ਉਕਤ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।