“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ – 38, ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਵ: ਗਾਇਕ ਨਛੱਤਰ ਛੱਤਾ ਨੂੰ ਯਾਦ ਕਰਦਿਆ
ਕੁਝ ਕਲਾਕਾਰ ਅਜਿਹੇ ਹੋਇਆ ਕਰਦੇ ਹਨ ਜੋ ਇਸ ਦੁਨੀਆ ਵਿੱਚੋ ਤੁਰ ਜਾਣ ਤੋ ਬਾਅਦ ਵੀ ਲੋਕਾ ਦੇ ਦਿਲਾਂ ਵਿੱਚ ਹਮੇਸ਼ਾ ਵਸਦੇ ਰਹਿੰਦੇ ਹਨ , ਉਹਨਾ ਕਲਾਕਾਰਾ ਦੇ ਗੀਤ ਹਮੇਸ਼ਾ ਲੋਕਾ ਦੇ ਘਰਾ ਵਿੱਚ ਵਜਦੇ ਹਨ, ਅਜਿਹੇ ਕਲਾਕਾਰ ਹਮੇਸ਼ਾ ਲੋਕਾ ਦੇ ਦਿਲਾਂ ਵਿੱਚ ਜਿਉਂਦੇ ਰਹਿੰਦੇ ਹਨ। ਅੱਜ ਮੈ ਅਜਿਹੇ ਇਕ ਕਲਾਕਾਰ ਦਾ ਜਿਕਰ ਕਰਨ ਜਾ ਰਿਹਾ ਹੈ, ਜਿੰਨਾ ਨੇ ਥੋੜੇ ਸਮੇ ਵਿੱਚ ਆਪਣੀ ਉਚੀ ਅਤੇ ਸੁਰੀਲੀ ਅਵਾਜ ਅਤੇ ਖੂਬਸੂਰਤ ਗੀਤਾਂ ਨਾਲ ਵੱਖਰੀ ਪਛਾਣ ਬਣਾਈ, ਅਤੇ ਆਪਣੇ ਸਰੋਤਿਆ ਨੂੰ ਸਦਾ ਲਈ ਛੱਡ ਕੇ ਇਸ ਦੁਨੀਆ ਤੋ ਚਲੇ ਗਏ ਉਸ ਕਲਾਕਾਰ ਦਾ ਨਾਮ ਏ ਉੱਚੀ ਸੁਰ ਦੇ ਮਾਲਿਕ ਗਾਇਕ ਨਛੱਤਰ ਛੱਤਾ।
ਨਛੱਤਰ ਛੱਤੇ ਦਾ ਜਨਮ 18 ਜੂਨ 1959 ਨੂੰ ਬਠਿੰਡਾ ਜ਼ਿਲੇ ਦੇ ਪਿੰਡ ਆਦਮਪੁਰ ਦੇ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਸੁਦਾਗਰ ਸਿੰਘ ਤੇ ਮਾਤਾ ਦਾ ਨਾਮ ਅਮਰ ਕੌਰ ਸੀ। ਬਚਪਨ ਤੋਂ ਹੀ ਉਸਨੂੰ ਗੀਤ ਸੁਨਣ ਤੇ ਗਾਉਣ ਦਾ ਸ਼ੌਂਕ ਸੀ ਜਿਸ ਲਈ ਉਹ ਖੇਤਾਂ ਵਿੱਚ ਕੰਮ ਕਰਦੇ ਸਮੇਂ ਵੀ ਕੁਲਦੀਪ ਮਾਣਕ ਦੀਆਂ ਕਲੀਆਂ ਗਾਉਂਦਾ ਰਹਿੰਦਾ ਸੀ। ਇਸੇ ਸਿਲਸਲੇ ਵਿੱਚ ਉਸਨੇ ਪਹਿਲਾਂ ਪਹਿਲ ਸਟੇਜ ਤੇ ਹੁੰਦੇ ਡਰਾਮਿਆਂ ਵਿੱਚ ਪੂਰਨ ਭਗਤ ਦਾ ਕਿਰਦਾਰ ਨਿਭਾਉਣਾ ਸ਼ੁਰੂੁ ਕਰ ਦਿੱਤਾ ਤੇ ਜਦੋਂ ਸਟੇਜ ਤੇ ਖੜਨ ਦਾ ਹੌਂਸਲਾ ਵਧ ਗਿਆਂ ਤਾਂ ਉਸਨੇ ਗਾਉਣਾ ਵੀ ਸ਼ੁਰੂੁ ਕਰ ਦਿੱਤਾ। ਉਸਨੇ ਜਦੋਂ ਪਿੰਡ ਬੁਰਜ ਰਾਜਗੜ੍ਹ ਦੇ ਟੂਰਨਾਮੈਂਟ ਤੇ ਗੀਤ ਗਾਇਆ ਤਾਂ ਲੋਕਾਂ ਨੇ ਉਸਦੀ ਗਾਇਕੀ ਨੂੰ ਬਹੁਤ ਪਸੰਦ ਕੀਤਾ।
ਇਸੇ ਲੜੀ ਵਿੱਚ ਹੀ ਲੋਕ ਸੰਗੀਤ ਮੰਡਲੀ ਭਦੌੜ ਅਤੇ ਸਰਸਵਤੀ ਰਿਕਾਰਡਿੰਗ ਕੰਪਨੀ ਦਿੱਲੀ ਨਛੱਤਰ ਛੱਤੇ ਦੇ ਦੋ ਗੀਤ ਰਿਕਾਰਡ ਕਰਵਾੲੇ ਜੋ ‘ਦਾਜ ਦੀ ਲਾਹਨਤ’ ਕੈਸੇਟ ਵਿੱਚ ਸ਼ਾਮਲ ਸਨ। ਉਸਦੀ ਗਾਇਕੀ ਦਾ ਸਿਖਰ ਉਸਦੀ ਕੈਸਟ ‘ਰੁੱਤ ਪਿਆਰ ਦੀ’ ਸੀ ਜੋ ਪਾਇਲ ਕੰਪਨੀ ਨੇ 1987 ਵਿੱਚ ਰਿਕਾਰਡ ਕੀਤੀ। ਇਸੇ ਕੈਸਟ ਨੇ ਤੇ ਖਾਸ ਕਰ ‘ਰੁੱਤ ਪਿਆਰ ਦੀ’ ਗੀਤ ਨੇ ਉਸਨੂੰ ਰਾਤੋ ਰਾਤ ਅਜਿਹਾ ਸਟਾਰ ਕਲਾਕਾਰ ਬਣਾ ਦਿੱਤਾ ਕਿ ਇਹ ਗੀਤ ਉਸਦੇ ਨਾਮ ਦੇ ਨਾਲ ਹਮੇਸ਼ਾ ਜੁੜ ਗਿਆ। ਉਸਦਾ ਇਹ ਗੀਤ ਪੰਜਾਬੀ ਫਿਲਮ ‘ਕਿੱਸਾ ਪੰਜਾਬ’ ਵਿੱਚ ਮੰਨਾ ਮੰਡ ਨੇ ਗਇਆ ਹੈ। ਅੱਜਕਲ ਆਪਣੀ ਖਾਨਦਾਨ ਗਾਇਕੀ ਨੂੰ ਅੱਗੇ ਤੋਰਦਿਆ ਨਛੱਤਰ ਛੱਤਾ ਦੇ ਭਰਾ ਹਰਬੰਸ ਛੱਤਾ ਆਪਣੇ ਖੂਬਸੂਰਤ ਅਤੇ ਪਰਿਵਾਰਕ ਗੀਤਾ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ। ਥੋੜੇ ਦਿਨ ਪਹਿਲਾ ਨਛੱਤਰ ਛੱਤਾ ਦੀ ਧਰਮਪਤਨੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਲੋੜ ਹੈ ਪੰਜਾਬ ਸਰਕਾਰ ਨੂੰ ਅਜਿਹੇ ਕਲਾਕਾਰ ਦੀ ਵਿਸ਼ੇਸ਼ ਯਾਦਗਾਰ ਬਣਾਉਣ ਦੀ ਅਤੇ ਪਰਿਵਾਰ ਦੀ ਵਿਸ਼ੇਸ਼ ਸਹਾਇਤਾ ਕਰਨ ਦੀ।
ਨਛੱਤਰ ਛੱਤਾ ਇਕ ਭਿਆਨਕ ਬਿਮਾਰੀ ਕਾਰਨ 7 ਮਈ 1992 ਨੂੰ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਗਿਆ,ਜੋ ਹਮੇਸ਼ਾ ਲੋਕਾ ਦੇ ਦਿਲਾ ਤੇ ਰਾਜ ਕਰਦੇ ਰਹਿਣ ਗੇ। ਬਹੁਤ ਸਾਰੀਆ ਪੰਜਾਬੀ
ਐਲਬਮ ਲੋਕਾ ਦੀ ਝੋਲੀ ਵਿੱਚ ਪਾਈਆ ਜਿਨਾ ਵਿਚੋ ਪ੍ਰਮੁੱਖ ਹਨ,
• ਸੱਜਣਾਂ ਦੀ ਯਾਦ
• ਭੁੱਲ ਚੁੱਕ ਮੁਆਫ ਕਰੀਂ
• ਮਤਲਬ ਦੀ ਦੁਨੀਆਂ
• ਲੱਗੀਆਂ ਪ੍ਰੀਤਾਂ ਤੇਰੀਆਂ
• ਕਰਨਾ ਛੱਡ ਦੇ ਪਿਆਰ
• ਮਹਿਰਮ ਦਿਲਾਂ ਦਾ
• ਬਾਜ ਗੁਰਾਂ ਦੀ ਨਗਰੀ ਦਾ(ਧਾਰਮਿਕ)
ਬਹੁਤ ਸਾਰੇ ਸੁਪਰਹਿੱਟ ਗੀਤ
• ਰੁੱਤ ਪਿਆਰ ਦੀ
• ਮੰਦੜੇ ਬੋਲ ਵੇ ਨਾ ਬੋਲ ਸੱਜਣਾ
• ਫਿੱਕਾ ਰੰਗ ਅੱਜ ਦੀ ਦੁਪਹਿਰ ਦਾ
• ਦੂਰ ਵਸੇਂਦਿਆ ਸੱਜਣਾ
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006